ਬੀਬੀ ਸਿਮਰਤ ਖੰਗੂਡ਼ਾ ਨੇ ਮੰਗੀ ਲੋਕ ਸਭਾ ਦੀ ਸੰਗਰੂਰ ਤੋਂ ਟਿਕਟ
Tuesday, Feb 12, 2019 - 04:23 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਹਲਕਾ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਦੀ ਧਰਮਪਤਨੀ ਤੇ ਯੂਥ ਆਗੂ ਸਿਮਰਤ ਕੌਰ ਘੰਗੂਡ਼ਾ ਨੇ ਸਥਾਨਕ ਕਿੰਗਜ਼ ਕਾਲਜ ਵਿਖੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਟਿਕਟ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਠੋਕ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੀ ਬਹੁਤ ਲੰਮੇ ਸਮੇਂ ਤੋਂ ਵਰਕਰ ਹਾਂ ਤੇ ਮੈਂ ਲੀਡਰ ਬਣਨਾ ਚਾਹੁੰਦੀ ਹਾਂ ਜੇਕਰ ਮੈਂ ਮਿਡਲ ਕਲਾਸ ਤੋਂ ਹਾਂ ਤਾਂ ਮੈਨੂੰ ਪਤਾ ਕਿ ਮਿਡਲ ਕਲਾਸ ਲੋਕਾਂ ਦੀਆਂ ਕੀ ਸਮੱਸਿਆਵਾਂ ਹਨ ਤੇ ਮੈਂ ਉਨ੍ਹਾਂ ਸਮੱਸਿਆਵਾਂ ਨੂੰ ਲੋਕ ਸਭਾ ’ਚ ਚੁੱਕ ਸਕਦੀ ਹਾਂ। ਜੇ ਆਪਾਂ ਦਫਤਰ ਵਿਚ ਬੈਠ ਕੇ ਕੋਈ ਪਲਾਨਿੰਗ ਕਰਦੇ ਹਾਂ ਤਾਂ ਉਹ ਕਦੇ ਕਾਮਯਾਬ ਨਹੀਂ ਹੁੰਦੀ। ਪਲਾਨਿੰਗ ਲਈ ਸਾਨੂੰ ਲੋਕਾਂ ਵਿਚ ਨਿਕਲਣਾ ਪੈਣਾ ਤੇ ਲੋਕਾਂ ’ਚ ਵਿਚਰਦੇ ਹੋਏ ਮੈਨੂੰ 10 ਸਾਲ ਹੋ ਗਏ। ਉਨ੍ਹਾਂ ਕਿਹਾ ਕਿ ਮੈਂ ਨੌਜਵਾਨ ਵੀ ਹਾਂ, ਮੇਰੇ ’ਚ ਜੋਸ਼ ਵੀ ਹੈ ਤੇ ਰਾਹੁਲ ਗਾਂਧੀ ਵੀ ਚਾਹੁੰਦੇ ਹਨ ਕਿ ਯੂਥ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਮੈਂ ਬਤੌਰ ਦਲਵੀਰ ਸਿੰਘ ਗੋਲਡੀ ਦੀ ਪਤਨੀ ਦੀ ਹੈਸੀਅਤ ਨਾਲ ਟਿਕਟ ਦੀ ਮੰਗ ਨਹੀਂ ਕਰ ਰਹੀ, ਸਗੋਂ ਮੈਂ ਬਤੌਰ ਕਾਂਗਰਸ ਪਾਰਟੀ ਦੀ ਵਰਕਰ ਟਿਕਟ ਦੀ ਮੰਗ ਕੀਤੀ ਹੈ। ਮੈਂ ਗੋਲਡੀ ਜੀ ਨਾਲ ਕਾਲਜ ਦੇ ਸਮੇਂ ਤੋਂ ਹਾਂ ਅਸੀਂ ਕਾਲਜ ਦੀ ਚੋਣ ਵੀ ਇੱਕਠਿਆਂ ਨੇ ਲਡ਼ੀ ਸੀ, ਯੂਨੀਵਰਸਿਟੀ ਦੀ ਚੋਣ ਅਸੀਂ ਇਕੱਠੇ ਲਡ਼ੀ। ਜਦ ਗੋਲਡੀ ਜੀ ਨੇ 2008 ਵਿਚ ਕਾਂਗਰਸ ਪਾਰਟੀ ਲਈ ਕੰਮ ਸ਼ੁਰੂ ਕੀਤਾ ਤਾਂ ਵੀ ਮੈਂ ਉਨ੍ਹਾਂ ਦੇ ਨਾਲ ਸੀ ਉਨ੍ਹਾਂ ਪਾਰਟੀ ਲਈ ਕੰਮ ਕੀਤਾ ਤੇ ਮੈਂ ਉਸ ਵੇਲੇ ਗ੍ਰਾਊਂਡ ਲੈਵਲ ’ਤੇ ਕੰਮ ਕੀਤਾ। ਉਨ੍ਹਾਂ ਕਿਹਾ ਕਿ ਮੇਰਾ ਚੋਣਾਂ ’ਚ ਮੁੱਖ ਮੁੱਦਾ ਔਰਤਾਂ ’ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਦਾ ਹੋਵੇਗਾ। ਜੇ ਸੰਸਦ ’ਚ ਵੱਧ ਤੋਂ ਵੱਧ ਔਰਤਾਂ ਆਉਣਗੀਆਂ ਤਾਂ ਔਰਤਾਂ ਦੀ ਸੁਣਵਾਈ ਵੀ ਹੋਵੇਗੀ। ਇਹ ਪੁੱਛੇ ਜਾਣ ’ਤੇ ਕਿ ਇਕ ਪਾਸੇ ਟਿਕਟ ਲਈ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਤੇ ਦੂਜੇ ਪਾਸੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ, ਅਜਿਹੇ ਵਿਚ ਤੁਸੀਂ ਕਿਵੇਂ ਟਿਕਟ ਪ੍ਰਤੀ ਆਸਵੰਦ ਹੋ, ਬਾਰੇ ਉਨ੍ਹਾਂ ਕਿਹਾ ਕਿ ਟਿਕਟ ਮਿਲਣ ਤੋਂ ਪਹਿਲਾਂ ਹਰੇਕ ਦਾ ਹੱਕ ਹੈ ਟਿਕਟ ਮੰਗਣ ਦਾ। ਵੇਖਣਾ ਪਾਰਟੀ ਨੇ ਹੈ ਕਿ ਜੇਤੂ ਉਮੀਦਵਾਰ ਕੌਣ ਹੋਵੇਗਾ। ਉਨ੍ਹਾਂ ਕਿਹਾ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਵਲ ਢਿੱਲੋਂ ਤੇ ਬੀਬੀ ਭੱਠਲ ਕੋਲ ਮੇਰੇ ਤੋਂ ਜ਼ਿਆਦਾ ਤਜਰਬਾ ਹੈ ਪਰ ਮੇਰੇ ਕੋਲ ਜੋਸ਼ ਹੈ। ਜਿਵੇਂ ਅਸੀਂ ਧੂਰੀ ’ਚ ਨਵਾਂ ਵਿਜ਼ਨ ਰੱਖ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ, ਉਸੇ ਵਿਜ਼ਨ ਰਾਹੀਂ ਅਸੀਂ ਪੂਰੇ ਲੋਕ ਸਭਾ ਹਲਕੇ ਦੀ ਸੇਵਾ ਕਰਨਾ ਚਾਹੁੰਦੇ ਹਾਂ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਟਿਕਟ ਕਿਸੇ ਨੂੰ ਵੀ ਮਿਲੇ, ਅਸੀਂ ਉਸ ਨੂੰ ਹਲਕਾ ਧੂਰੀ ’ਚੋਂ ਸਭ ਤੋਂ ਵੱਧ ਲੀਡ ਦੁਆਵਾਂਗੇ। ਇਸ ਮੌਕੇ ਉਨ੍ਹਾਂ ਨਾਲ ਕਿੰਗਜ਼ ਗੱਰੁਪ ਦੇ ਚੇਅਰਮੈਨ ਹਰਦੇਵ ਸਿੰਘ ਲੀਲਾ, ਐਡਵੋਕੇਟ ਜਤਿੰਦਰ ਬਹਾਦੁਰਪੁਰੀਆ, ਅਮਰਜੀਤ ਸਿੰਘ ਕਾਕਾ, ਗੁਰਵਿੰਦਰ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ।
