ਸ਼ਹਿਰ ’ਚ ਲੱਗੇ ਏ. ਟੀ. ਐੱਮਜ਼ ਦੀ ਪੁਲਸ ਨਹੀਂ ਕਰ ਪਾ ਰਹੀ ਸੁਰੱਖਿਆ
Sunday, Feb 03, 2019 - 09:53 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਸ਼ਹਿਰ ’ਚ ਲੱਗੀਆਂ ਏ. ਟੀ. ਐੱਮ. ਮਸ਼ੀਨਾਂ ਦੀ ਸੁਰੱਖਿਆ ਕਰਨ ’ਚ ਪੁਲਸ ਨਾਕਾਮ ਸਾਬਤ ਹੋ ਰਹੀ ਹੈ। ਸ਼ਹਿਰ ’ਚ ਏ. ਟੀ. ਐੱਮ. ਨੂੰ ਤੋਡ਼ਣ ਦੀਆਂ ਪਿਛਲੇ ਵਰ੍ਹਿਆਂ ’ਚ ਕਈ ਘਟਨਾਵਾਂ ਹੋ ਚੁੱਕੀਆਂ ਹਨ। ਜ਼ਿਆਦਾਤਰ ਮਾਮਲਿਆਂ ’ਚ ਪੁਲਸ ਅਪਰਾਧੀਆਂ ਨੂੰ ਫਡ਼ਨ ’ਚ ਨਾਕਾਮ ਹੀ ਸਾਬਿਤ ਹੋਈ ਹੈ। ਬੀਤੀ ਰਾਤ ਵੀ ਲੁਟੇਰਿਆਂ ਨੇ ਰਾਏਕੋਟ ਰੋਡ ’ਤੇ ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਨੂੰ ਤੋਡ਼ ਕੇ 90 ਹਜ਼ਾਰ ਰੁਪਏ ਦੇ ਕਰੀਬ ਦੀ ਰਾਸ਼ੀ ਲੁੱਟ ਲਈ। ਲੁਟੇਰੇ ਲਗਭਗ ਦੋ ਘੰਟੇ ਏ. ਟੀ. ਐੱਮ. ’ਚ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦਿੰਦੇ ਰਹੇ। ਜਿਸ ਰੋਡ ’ਤੇ ਇਹ ਘਟਨਾ ਹੋਈ ਹੈ, ਉਹ ਹਾਈਵੇ ਰੋਡ ਹੈ ਅਤੇ ਸੰਘਣੀ ਆਬਾਦੀ ਇਸ ਰੋਡ ’ਤੇ ਰਹਿੰਦੀ ਹੈ। ਨੇਡ਼ੇ ਹੀ ਥਾਣਾ ਸਿਟੀ 2 ਵੀ ਬਣਿਆ ਹੋਇਆ ਹੈ। ਰਾਤ ਦੇ ਸਮੇਂ ਪੁਲਸ ਦੀ ਗਸ਼ਤ ਵੀ ਹੁੰਦੀ ਹੈ। ਇਸਦੇ ਬਾਵਜੂਦ ਵੀ ਲੁਟੇਰੇ ਦੋ ਘੰਟੇ ਘਟਨਾ ਨੂੰ ਅੰਜਾਮ ਦਿੰਦੇ ਹੋਏ। ਇਸਦੀ ਭਿਣਕ ਕਿਸੇ ਨੂੰ ਨਹੀਂ ਲੱਗੀ। ਬੇਸ਼ੱਕ ਏ. ਟੀ. ਐੱਮ. ’ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ। ਪੁਲਸ ਆਪਣੇ ਨਾਲ ਉਸਦੀ ਹਾਰਡ ਡਿਸਕ ਵੀ ਲੈ ਗਈ ਹੈ ਪਰ ਘਟਨਾ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਖਾਲੀ ਹਨ। ਏ. ਟੀ. ਐੱਮਜ਼ ’ਚ ਰਾਤ ਸਮੇਂ ਨਹੀਂ ਕੋਈ ਸੁਰੱਖਿਆ ਦਾ ਪ੍ਰਬੰਧ ®ਸ਼ਹਿਰ ’ਚ ਲਗਭਗ ਪੰਜ ਦਰਜਨ ਦੇ ਕਰੀਬ ਏ. ਟੀ. ਐੱਮਜ਼ ਚੱਲ ਰਹੇ ਹਨ ਪਰ ਰਾਤ ਦੇ ਸਮੇਂ ਜ਼ਿਆਦਾਤਰ ਬੈਂਕਾਂ ਨੇ ਏ. ਟੀ. ਐੱਮਜ਼ ਦੀ ਸੁਰੱਖਿਆ ਲਈ ਸੁਰੱਖਿਆ ਕਰਮਚਾਰੀ ਨਹੀਂ ਰੱਖੇ ਹੋਏ। ਪਿਛਲੇ ਵਰ੍ਹੇ ਆਈ. ਡੀ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਨੂੰ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਲੁਟੇਰਿਆਂ ਨੂੰ ਵੀ ਪੁਲਸ ਅਜੇ ਤੱਕ ਨਹੀਂ ਲੱਭ ਸਕੀ। ਪੀ. ਐੱਨ. ਬੀ. ਬੈਂਕ ਦੇ ਏ. ਟੀ. ਐੱਮ. ਨੂੰ ਵੀ ਲੁਟੇਰਿਆਂ ਨੇ ਤੋਡ਼ਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਲੁਟੇਰਿਆਂ ਨੂੰ ਵੀ ਪੁਲਸ ਨਹੀਂ ਫਡ਼ ਸਕੀ। ਬੇਸ਼ੱਕ ਪੁਲਸ ਰਾਤ ਸਮੇਂ ਗਸ਼ਤ ਦਾ ਦਾਅਵਾ ਕਰਦੀ ਹੈ ਪਰ ਗਸ਼ਤ ਦੇ ਬਾਵਜੂਦ ਵੀ ਲੁਟੇਰੇ ਆਸਾਨੀ ਨਾਲ ਕਈ-ਕਈ ਘੰਟੇ ਏ. ਟੀ. ਐੱਮਜ਼ ’ਚ ਰਹਿਕੇ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਏ. ਟੀ. ਐੱਮ. ਬਣੀ ਹੁੰਦੀ ਹੈ ਮਜ਼ਬੂਤ, ਉਸ ਨੂੰ ਤੋਡ਼ਣ ਲਈ ਕਰਨਾ ਪੈਂਦਾ ਹੈ ਹਥਿਆਰਾਂ ਅਤੇ ਕਟਰ ਦਾ ਪ੍ਰਯੋਗ ®ਬੈਂਕਾਂ ਵਲੋਂ ਜੋ ਏ. ਟੀ. ਐੱਮ. ਮਸ਼ੀਨ ਲਗਾਈ ਜਾਂਦੀ ਹੈ, ਉਹ ਕਾਫੀ ਮਜ਼ਬੂਤ ਹੁੰਦੀ ਹੈ। ਉਹ ਆਸਾਨੀ ਨਾਲ ਟੁੱਟਦੀ ਨਹੀਂ। ਉਸ ਨੂੰ ਤੋਡ਼ਨ ਲਈ ਹਥਿਆਰਾਂ ਅਤੇ ਕਟਰ ਦੀ ਜ਼ਰੂਰਤ ਪੈਂਦੀ ਹੈ। ਲੁਟੇਰੇ ਰਾਤ ਦੇ ਸਮੇਂ ਹਥਿਆਰ ਅਤੇ ਕਟਰ ਵੀ ਏ. ਟੀ. ਐੱਮ. ਨੂੰ ਲੁੱਟਣ ਲਈ ਨਾਲ ਲੈ ਕੇ ਆਉਂਦੇ ਹਨ। ਜੇਕਰ ਰਾਤ ਸਮੇਂ ਪੁਲਸ ਦੀ ਗਸ਼ਤ ਹੁੰਦੀ ਹੈ ਤਾਂ ਲੁਟੇਰੇ ਖਤਰਨਾਕ ਹਥਿਆਰਾਂ ਸਮੇਤ ਸ਼ਹਿਰ ’ਚ ਕਿਵੇਂ ਵਡ਼ ਜਾਂਦੇ ਹਨ, ਇਹ ਸਭ ਤੋਂ ਵੱਡਾ ਪ੍ਰਸ਼ਨ ਹੈ। ਜਿਸ ਕਾਰਨ ਪੁਲਸ ਦੀ ਕਾਰਜਪ੍ਰਣਾਲੀ ’ਤੇ ਕਈ ਸਵਾਲ ਖਡ਼੍ਹੇ ਹੁੰਦੇ ਹਨ। ਕੰਪਨੀ ਨੂੰ ਠੇਕੇ ’ਤੇ ਦਿੱਤਾ ਹੋਇਆ ਸੀ ਏ. ਟੀ. ਐੱਮ. : ਬੈਂਕ ਮੈਨੇਜਰ ®ਜਦੋਂ ਇਸ ਸਬੰਧੀ ਸਟੇਟ ਬੈਂਕ ਆਫ ਇੰਡੀਆ ਮੁੱਖ ਬ੍ਰਾਂਚ ਦੇ ਮੈਨੇਜਰ ਉਮੇਸ਼ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਬੈਂਕ ਵਲੋਂ 13 ਏ. ਟੀ. ਐੱਮਜ਼ ਸ਼ਹਿਰ ’ਚ ਚੱਲ ਰਹੇ ਹਨ। ਜਿਸ ਏ. ਟੀ. ਐੱਮ. ’ਚ ਇਹ ਘਟਨਾ ਹੋਈ ਉਹ ਪ੍ਰਾਈਵੇਟ ਕੰਪਨੀ ਨੂੰ ਠੇਕੇ ’ਤੇ ਦਿੱਤਾ ਹੋਇਆ ਸੀ। ਲੁੱਟ ਦੀ ਘਟਨਾ ਦੇ ਬਾਅਦ ਅੱਜ ਇਸ ਏ. ਟੀ. ਐੱਮ. ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ 12 ਏ. ਟੀ. ਐੱਮ. ਬੈਂਕ ਦੇ ਸ਼ਹਿਰ ਵਿਚ ਕੰਮ ਕਰ ਰਹੇ ਹਨ। ਸਾਡੇ ਕਿਸੇ ਵੀ ਏ. ਟੀ. ਐੱਮ. ਵਿਚ ਰਾਤ ਸਮੇਂ ਕੋਈ ਸੁਰੱਖਿਆ ਕਰਮਚਾਰੀ ਨਹੀਂ ਹੁੰਦਾ।