ਯੁਵਾ ਕ੍ਰਾਂਤੀ ਯਾਤਰਾ ਦਾ ਮਾਲੇਰਕੋਟਲਾ ਪਹੁੰਚਣ ’ਤੇ ਸ਼ਾਨਦਾਰ ਸਵਾਗਤ

Monday, Jan 21, 2019 - 09:53 AM (IST)

ਸੰਗਰੂਰ (ਯਾਸੀਨ, ਜਹੂਰ, ਸਹਾਬੂਦੀਨ)-ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਕੇਸ਼ਵ ਯਾਦਵ ਦੀ ਅਗਵਾਈ ’ਚ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਯੁਵਾ ਕ੍ਰਾਂਤੀ ਯਾਤਰਾ ਦਾ ਮਾਲੇਰਕੋਟਲਾ ਪਹੁੰਚਣ ’ਤੇ ਯੂਥ ਪ੍ਰਧਾਨ ਸ਼ੂਐਬ ਅਹਿਮਦ ਖਾਂ ਸ਼ੈਬੀ ਦੀ ਰਹਿਨੁਮਾਈ ’ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਉਕਤ ਯਾਤਰਾ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਇਕੱਤਰ ਹੋਏ ਯੂਥ ਵਰਕਰਾਂ ਤੇ ਅਹੁਦੇਦਾਰਾਂ ਨੇ ਸਥਾਨਕ ਧੂਰੀ ਰੋਡ ’ਤੇ ਰੋਕ ਕੇ ਸਿਰੋਪਾਓ ਪਾ ਕੇ ਸ਼ਾਨਦਾਰ ਸਵਾਗਤ ਕੀਤਾ। ਬਾਅਦ ’ਚ ਯਾਤਰਾ ਨੂੰ ਸ਼ਹਿਰ ਦੇ ਕਈ ਬਾਜ਼ਾਰਾਂ ’ਚ ਘੁਮਾਉਂਦੇ ਹੋਏ ਇਲਾਕੇ ਦੀ ਮਸ਼ਹੂਰ ਦਰਗ਼ਾਹ ਬਾਬਾ ਹੈਦਰ ਸ਼ੇਖ ਵਿਖੇ ਨਤਮਸਤਕ ਕਰਵਾਇਆ ਗਿਆ। ਕੇਸ਼ਵ ਯਾਦਵ ਨੇ ਕਿਹਾ ਕਿ ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਵੱਡੇ-ਵੱਡੇ ਘਪਲੇ ਅਤੇ ਜੁਮਲੇਬਾਜ਼ੀ ਨਾਲ ਦੇਸ਼ ਨੂੰ ਕੰਗਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵੱਲੋਂ ਯਾਤਰਾ ਦੌਰਾਨ ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਦੀਆਂ ਦੇਸ਼ ਵਿਰੋਧੀ ਤੇ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਸਮੇਂ ਉਪ ਪ੍ਰਧਾਨ ਸ਼੍ਰੀ ਨਿਵਾਸ, ਸੂਬਾ ਇੰਚਾਰਜ ਵਨੀਤ ਕੰਬੋਜ, ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਅਤੇ ਬਲਾਕ ਯੂਥ ਪ੍ਰਧਾਨ ਸ਼ੂਐਬ ਸ਼ੈਬੀ ਨੇ ਕਿਹਾ ਕਿ ਮੋਦੀ ਅਤੇ ਭਾਜਪਾ ਨੇ ਦੇਸ਼ ਵਾਸੀਆਂ ਨੂੰ ਬਰਬਾਦ ਕੀਤਾ ਹੈ, ਲੋਕ ਇਸ ਦਾ ਬਦਲਾ ਉਨ੍ਹਾਂ ਕੋਲੋਂ ਲੋਕ ਸਭਾ ਚੋਣਾਂ ’ਚ ਲੈਣਗੇ। ਉਕਤ ਯਾਤਰਾ ਨੂੰ ਮਾਲੇਰਕੋਟਲਾ ਤੋਂ ਬਾਅਦ ਲੁਧਿਆਣਾ ਲਈ ਰਵਾਨਾ ਕੀਤਾ ਗਿਆ।

Related News