ਪਿਛਲੇ ਦੋ ਸਾਲਾਂ ਤੋਂ ਪੁੱਤ ਦੀ ਉਡੀਕ ਕਰ ਰਹੀ ਵਿਧਵਾ ਮਾਂ, ਕੋਰੋਨਾ ਨੇ ਹੋਰ ਵਧਾਈ ਚਿੰਤਾ

03/28/2020 10:57:07 PM

ਸ਼ੇਰਪੁਰ/ਸੰਗਰੂਰ,(ਸਿੰਗਲਾ)- ਸ਼ਹਿਰ ਦੇ ਪਿੰਡ ਟਿੱਬਾ ਵਿਖੇ ਇਕ ਵਿਧਵਾਂ ਮਾਂ ਪਿਛਲੇ 2 ਸਾਲਾਂ ਤੋਂ ਆਪਣੇ ਲਾਪਤਾ ਪੁੱਤ ਦੀ ਉਡੀਕ ਕਰ ਰਹੀ ਹੈ। ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੇ ਮਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਜਾਣਕਾਰੀ ਮੁਤਾਬਕ ਪਿੰਡ ਟਿੱਬਾ ਵਿਖੇ ਦਲਿਤ ਪਰਿਵਾਰ ਨਾਲ ਸਬੰਧਿਤ ਵਿੱਦਿਆ ਕੌਰ ਪਤਨੀ ਸਵ. ਬੂਟਾ ਸਿੰਘ ਦੇ ਨੌਜਵਾਨ ਪੁੱਤਰ ਨੂੰ ਲਾਪਤਾ ਹੋਇਆ ਲੱਗਭਗ ਦੋ ਸਾਲ ਬੀਤ ਚੁੱਕੇ ਹਨ ਪਰ ਮਾਂ ਦੀ ਮਮਤਾ ਅਜੇ ਵੀ ਆਪਣੇ ਪੁੱਤਰ ਦਾ ਰਾਹ ਉਡੀਕ ਰਹੀ ਹੈ ਪਰ ਕਰੋਨਾ ਵਾਈਰਸ ਦੀ ਬੀਮਾਰੀ ਨੇ ਇਸ ਬੇਵੱਸ ਮਾਂ ਦੇ ਫ਼ਿਕਰਾਂ 'ਚ ਵਾਧਾ ਕਰ ਦਿੱਤਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪੀੜਤ ਵਿਧਵਾ ਵਿੱਦਿਆ ਕੌਰ ਨੇ ਦੱਸਿਆ 21 ਅਪ੍ਰੈਲ 2018 ਨੂੰ ਉਸ ਦਾ ਪੁੱਤਰ ਚਮਕੌਰ ਸਿੰਘ ਪਿੰਡੋਂ ਤੂੜੀ ਵਾਲੀ ਮਸ਼ੀਨ 'ਤੇ ਦੋਰਾਹਾ ਨੇੜਲੇ ਪਿੰਡ ਕਟਾਣੀ ਵਿਖੇ ਕੰਮ ਕਰਨ ਗਿਆ ਸੀ ਪਰ ਵਾਪਸ ਨਹੀਂ ਆਇਆ। ਹੁਣ ਵਿੱਦਿਆ ਕੌਰ ਨੂੰ ਕੱਚੇ ਕੋਠੜਿਆਂ ਵਿਚ ਇਕੱਲਿਆਂ ਹੀ ਜ਼ਿੰਦਗੀ ਦਾ ਔਖਾ ਪੈਂਡਾ ਤਹਿ ਕਰਨਾ ਪੈ ਰਿਹਾ ਹੈ।

ਵਿੱਦਿਆ ਕੌਰ ਨੇ ਬੜੇ ਹੀ ਭਾਵੁਕ ਮਨ ਨਾਲ ਦੱਸਿਆ ਕਿ ਇਹ ਬੀਮਾਰੀ ਕਰ ਕੇ ਮੇਰਾ ਮਨ ਡੋਲੇ ਖਾ ਰਿਹਾ ਕਿ ਰੱਬ ਕਰ ਕੇ ਮੇਰਾ ਪੁੱਤ ਸੁੱਖੀਂ ਸਾਂਦੀ ਹੋਵੇ। ਵਿੱਦਿਆ ਕੌਰ ਦਾ ਪੁੱਤਰ ਹੀ ਇੱਕੋ ਇਕ ਸਹਾਰਾ ਸੀ, ਜੋ ਪਿੰਡ ਵਿੱਚ ਮਜ਼ਦੂਰੀ ਕਰਦਾ ਸੀ ਪਰ ਉਸ ਦੀ ਬੋਲੀ ਵਿੱਚ ਥੋੜਾ ਗੁਣਗਣਾਪਨ ਸੀ, ਜਿਸ ਕਰਕੇ ਕਿਸੇ ਓਪਰੇ ਬੰਦੇ ਨੂੰ ਆਮ ਤੌਰ 'ਤੇ ਉਸ ਦੀ ਸਮਝ ਨਹੀਂ ਲੱਗਦੀ ਸੀ। ਪਿੰਡ ਦੇ ਲੋਕਾਂ ਨੇ ਚਮਕੌਰ ਸਿੰਘ ਦੀ ਭਾਲ ਲਈ ਬੜੇ ਯਤਨ ਕੀਤੇ ਅਤੇ ਦੋਰਾਹਾ ਪੁਲਿਸ ਥਾਣੇ 'ਚ ਉਸ ਦੀ ਗੁੰਮਸੁਦਗੀ ਦੀ ਰਿਪੋਰਟ ਵੀ ਦਰਜ ਕਰਾਈ ਪਰ ਇਸ ਵਿਧਵਾ ਮਾਂ ਦੇ ਪੁੱਤ ਦਾ ਕੋਈ ਪਤਾ ਨਹੀ ਲੱਗਾ। ਵਿੱਦਿਆ ਕੌਰ ਗਠੀਏ ਦੀ ਬੀਮਾਰੀ ਤੋਂ ਪੀੜਤ ਹੈ ਅਤੇ ਦਸ ਦਿਨ ਦੀ ਦਵਾਈ 1000 ਰੁਪਏ ਦੀ ਆਉਂਦੀ ਹੈ ਜਦਕਿ ਦੋ ਘਰਾਂ 'ਚ ਝਾੜੂ ਪੋਚਾਂ ਕਰਨ ਦੇ ਉਸ ਨੂੰ 600 ਰੁਪਏ ਮਿਲਦੇ ਹਨ। ਬਸਪਾ ਦੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਚਮਕੌਰ ਸਿੰਘ ਦੀ ਭਾਲ ਲਈ ਪਿੰਡ ਵਾਸੀਆਂ ਨੇ ਬੜੇ ਯਤਨ ਕੀਤੇ ਪਰ ਸਫਲਤਾ ਨਹੀਂ ਮਿਲੀ। ਸੋਸ਼ਲ ਮੀਡੀਆ 'ਤੇ ਪੋਸਟਾਂ ਵੀ ਸ਼ੇਅਰ ਕੀਤੀਆਂ ਗਈਆਂ ਪਰ ਹਰ ਪਾਸੇ ਤੋਂ ਨਿਰਾਸ਼ਾ ਹੀ ਮਿਲੀ।


Deepak Kumar

Content Editor

Related News