ਪੀ.ਸੀ.ਐੱਸ. ਅਧਿਕਾਰੀ ਬਣ ਟੋਲ ਪਲਾਜ਼ੇ ਤੋਂ ਲੰਘਣ ਵਾਲਾ ਵਿਅਕਤੀ ਚੜ੍ਹਿਆ ਪੁਲਸ ਦੇ ਹੱਥ

Monday, Oct 21, 2019 - 03:47 PM (IST)

ਪੀ.ਸੀ.ਐੱਸ. ਅਧਿਕਾਰੀ ਬਣ ਟੋਲ ਪਲਾਜ਼ੇ ਤੋਂ ਲੰਘਣ ਵਾਲਾ ਵਿਅਕਤੀ ਚੜ੍ਹਿਆ ਪੁਲਸ ਦੇ ਹੱਥ

ਧੂਰੀ (ਕੋਹਲੀ) - ਧੂਰੀ-ਸੰਗਰੂਰ ਰੋਡ 'ਤੇ ਪੈਂਦੇ ਪਿੰਡ ਬੇਨੜਾ ਅਤੇ ਲੱਡਾ ਦੇ ਵਿਚਕਾਰ ਸਥਿਤ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੇ ਪੀ.ਸੀ.ਐੱਸ. ਅਧਿਕਾਰੀ ਬਣ ਰੋਜ਼ਾਨਾ ਟੋਲ ਪਲਾਜ਼ੇ ਤੋਂ ਲੰਘਣ ਤੇ ਧਮਕਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਪੁਲਸ ਦੇ ਹਵਾਲੇ ਕੀਤਾ ਹੈ। ਉਕਤ ਵਿਅਕਤੀ ਦੀ ਪਛਾਣ ਐੱਸ.ਐੱਮ.ਓ. ਮਾਲੇਰਕੋਟਲਾ ਡਾ. ਕਰਮਜੀਤ ਸਿੰਘ ਵਜੋਂ ਹੋਈ ਹੈ। ਟੋਲ ਪਲਾਜ਼ਾ ਦੇ ਪ੍ਰਬੰਧਕ ਅਜੇ ਪ੍ਰਤਾਪ ਸਿੰਘ ਮੁਤਾਬਕ ਕਰਮਜੀਤ ਸਿੰਘ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਵਿਖੇ ਬਤੌਰ ਐੱਸ.ਐੱਮ.ਓ. ਤਾਇਨਾਤ ਹੈ। ਉਹ ਰੋਜ਼ਾਨਾ ਪੀ.ਸੀ.ਐੱਸ. ਅਧਿਕਾਰੀ ਹੋਣ ਦਾ ਸ਼ਨਾਖਤੀ ਕਾਰਡ ਵਿਖਾ ਕੇ ਟੋਲ ਪਲਾਜ਼ੇ ਤੋਂ ਬਿਨਾ ਟੋਲ ਟੈਕਸ ਅਦਾ ਕੀਤੇ ਲੰਘਦਾ ਸੀ। ਉਸ ਨੇ ਆਪਣੀ ਕਾਰ 'ਤੇ ਪੰਜਾਬ ਸਰਕਾਰ ਅਤੇ ਸਾਬਕਾ ਸਹਾਇਕ ਕਮਿਸ਼ਨਰ ਦੀ ਪਲੇਟ ਲਗਵਾਈ ਹੋਈ ਹੈ।

ਉਸ ਨੇ ਦੱਸਿਆ ਕਿ ਉਕਤ ਵਿਅਕਤੀ ਕਾਰਡ ਵਿਖਾ ਕੇ ਟੋਲ ਪਲਾਜ਼ਾ ਪਾਰ ਕਰਦਾ ਸੀ ਅਤੇ ਟੋਲ ਕਰਮੀਆਂ ਨੂੰ ਧਮਕੀਆਂ ਦੇਕੇ ਤੰਗ ਪਰੇਸ਼ਾਨ ਵੀ ਕਰਦਾ ਸੀ। ਕਥਿਤ ਪੀ.ਸੀ.ਐੱਸ. ਅਧਿਕਾਰੀ ਹੋਣ ਦਾ ਦਾਅਵਾ ਕਰਨ, ਚੈਕਿੰਗ ਦੌਰਾਨ ਕਾਰਡ ਦੇ ਫਰਜ਼ੀ ਪਾਏ ਜਾਣ ਦੇ ਸ਼ੱਕ 'ਚ ਉਸ ਨੂੰ ਕਾਰ ਸਣੇ ਥਾਣਾ ਸਦਰ ਧੂਰੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ਦੇ ਸਬੰਧ 'ਚ ਥਾਣਾ ਸਦਰ ਧੂਰੀ ਦੇ ਮੁੱਖੀ ਹਰਵਿੰਦਰ ਸਿੰਘ ਖੈਹਰਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਉਕਤ ਘਟਨਾ ਦੀ ਪੁਸ਼ਟੀ ਤਾਂ ਕੀਤੀ ਪਰ ਅਧਿਕਾਰੀ ਦੇ ਕਾਰਡ ਦੇ ਫਰਜ਼ੀ ਜਾਂ ਅਸਲੀ ਹੋਣ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


author

rajwinder kaur

Content Editor

Related News