ਨਹੀਂ ਰਹੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਗੁਰਦਿਆਲ ਸਿੰਘ

Friday, Aug 30, 2019 - 12:00 PM (IST)

ਨਹੀਂ ਰਹੇ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਡਰਾਈਵਰ ਗੁਰਦਿਆਲ ਸਿੰਘ

ਸੰਗਰੂਰ (ਬੇਦੀ, ਜ.ਬ.) : ਆਜ਼ਾਦ ਹਿੰਦ ਫੌਜ ਦੇ ਮੁਖੀ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਸਾਥੀ ਗੁਰਦਿਆਲ ਸਿੰਘ ਨੇ ਅੱਜ ਸਵੇਰੇ 10 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ ਕਰੀਬ 97 ਸਾਲ ਸੀ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਜ਼ਰੂਰ ਸੀ ਪਰ ਚਡ਼੍ਹਦੀ ਕਲਾ ’ਚ ਰਹਿੰਦੇ ਸਨ। ਉਨ੍ਹਾਂ ਨੂੰ ਇਸੇ ਮਹੀਨੇ ਰਾਸ਼ਟਰਪਤੀ ਵੱਲੋਂ ਬੁਲਾ ਕੇ 9 ਅਗਸਤ ਨੂੰ ਸਨਮਾਨਤ ਕੀਤਾ ਗਿਆ ਸੀ। ਗੁਰਦਿਆਲ ਸਿੰਘ ਮਿਹਨਤੀ ਅਤੇ ਸਿਰਡ਼ੀ ਇਨਸਾਨ ਸਨ। ਆਜ਼ਾਦੀ ਤੋਂ ਪਹਿਲਾਂ ਪੀ. ਡਬਲਿਊ. ’ਚ ਨੌਕਰੀ ਕਰਦੇ ਸਨ। ਨੇਤਾ ਸੁਭਾਸ਼ ਚੰਦਰ ਬੋਸ ਜੀ ਦੀ ਤਕਰੀਰ ਨੂੰ ਸੁਣਦਿਆਂ ਇੰਡੀਅਨ ਨੈਸ਼ਨਲ ਆਰਮੀ ’ਚ ਭਰਤੀ ਹੋ ਗਏ। ਆਜ਼ਾਦੀ ਉਪਰੰਤ 1960 ਤੋਂ ਲੈ ਕੇ 1993 ਤੱਕ ਪ੍ਰਾਈਵੇਟ ਬੱਸ ’ਤੇ ਡਰਾਈਵਰੀ ਕੀਤੀ। ਉਸ ਉਪਰੰਤ ਸੰਗਰੂਰ ਬੱਸ ਸਟੈਂਡ ’ਤੇ ਹਾਕਰ ਦਾ ਕੰਮ ਵੀ ਕੀਤਾ। ਆਪਣਾ ਹੱਕ ਲੈਣ ਲਈ ਉਨ੍ਹਾਂ ਨੂੰ ਹਾਈਕੋਰਟ ’ਚ ਕੇਸ ਕਰਨ ਉਪਰੰਤ 1996 ’ਚ ਉਨ੍ਹਾਂ ਨੂੰ ਪੈਨਸ਼ਨ ਲਾਈ ਗਈ।

ਉਨ੍ਹਾਂ ਨੂੰ ਸਦਾ ਇਹ ਗਿਲਾ ਰਹਿੰਦਾ ਰਿਹਾ ਕਿ ਜਿਨ੍ਹਾਂ ਦੇਸ਼ ਭਗਤਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ, ਮੌਕੇ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਦੀ ਕਿਸੇ ਨੇ ਸਾਰ ਲਈ। ਸਿਰਫ 26 ਜਨਵਰੀ ਅਤੇ 15 ਅਗਸਤ ਨੂੰ ਸਿਰਫ ਲੋਈ ਅਤੇ ਲੱਡੂਆਂ ਦਾ ਡੱਬਾ ਤੱਕ ਹੀ ਦੇਸ਼ ਭਗਤ ਲਈ ਸੀਮਤ ਰੱਖ ਦਿੱਤੇ। ਉਹ ਇਹ ਕਹਿੰਦੇ ਸਨ ਕਿ ਜੋ ਅਸੀਂ ਸੁਪਨਾ ਲਿਆ ਸੀ, ਦੇਸ਼ ਦੀ ਆਜ਼ਾਦੀ ਦਾ ਉਹ ਅੱਜ ਵੀ ਅਧੂਰਾ ਹੈ ਅਤੇ ਉਹ ਅਸਲੀ ਆਜ਼ਾਦੀ ਦਾ ਸੁਪਨਾ ਦੇਖਣਾ ਦਿਲ ’ਚ ਹੀ ਲੈ ਕੇ ਇਸ ਦੁਨੀਆ ’ਚੋਂ ਚਲੇ ਗਏ।

ਇਸ ਦੁੱਖ ਦੀ ਘਡ਼ੀ ’ਚ ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ, ਜਥੇਬੰਦੀ ਵੱਲੋਂ ਮੇਜਰ ਸਿੰਘ ਬਰਨਾਲਾ ਸੂਬਾ ਸਕੱਤਰ, ਭਰਪੂਰ ਸਿੰਘ ਸੂਬਾ ਖਜ਼ਾਨਚੀ, ਗੁਰਇੰਦਰਪਾਲ ਸਿੰਘ ਆਲ ਇੰਡੀਆ ਕਮੇਟੀ ਮੈਂਬਰ, ਜ਼ਿਲਾ ਪ੍ਰਧਾਨ ਚਮਕੌਰ ਸਿੰਘ, ਜ਼ਿਲਾ ਸਕੱਤਰ ਸਿਆਸਤ ਸਿੰਘ ਨੇ ਵੀ ਦੁੱਖ ਪ੍ਰਗਟ ਕੀਤਾ।


author

cherry

Content Editor

Related News