ਸੰਗਰੂਰ ਦੇ ਇਸ ਸਕੂਲ ਦੀ ਹਾਲਤ ਹੋਈ ਖਸਤਾ, ਵਾਪਰ ਸਕਦੈ ਵੱਡਾ ਹਾਦਸਾ (ਵੀਡੀਓ)

Sunday, Jul 22, 2018 - 03:40 PM (IST)

ਸੰਗਰੂਰ(ਬਿਊਰੋ)—ਲਹਿਰਾਗਾਗਾ ਦੇ ਪਿੰਡ ਗੋਬਿੰਦਗੜ੍ਹ ਜੱਜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਬਿਲਕੁੱਲ ਖਸਤਾ ਹੋ ਚੁੱਕੀ ਹੈ। ਜਿਸ 'ਤੇ ਅੱਜ ਤੱਕ ਨਾ ਕਿਸੇ ਸਿਆਸੀ ਆਗੂ ਅਤੇ ਨਾ ਹੀ ਸਥਾਨਕ ਪ੍ਰਸ਼ਾਸਨ ਦੀ ਨਜ਼ਰ ਪਈ ਹੈ। ਦਰਅਸਲ ਪਿੰਡ ਗੋਬਿੰਦਗੜ੍ਹ ਜੱਜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 4 ਕਮਰੇ ਅਤੇ ਇਕ ਬਰਾਂਡਾ ਹੈ, ਜਿਨ੍ਹਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਇਸ ਛੱਤ ਹੇਠਾਂ 115 ਦੇ ਕਰੀਬ ਬੱਚੇ ਪੜ੍ਹਦੇ ਹਨ, ਜਿਨ੍ਹਾਂ ਦੇ ਸਿਰ 'ਤੇ ਹਰ ਸਮੇਂ ਖਤਰਾ ਮੰਡਰਾਉਂਦਾ ਰਹਿੰਦਾ ਹੈ।
ਬੱਚਿਆਂ ਨੂੰ ਆਪਣੀ ਜਾਨ ਖਤਰੇ ਵਿਚ ਪਾ ਕੇ ਇਥੇ ਪੜ੍ਹਾਈ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਸਕੂਲ ਦੀਆਂ ਕੰਧਾਂ ਅਤੇ ਛੱਤ ਦੀ ਹਾਲਤ ਇੰਨੀ ਖਰਾਬ ਹੈ ਕਿਸੇ ਸਮੇਂ ਵੀ ਇਹ ਇਮਾਰਤ ਡਿੱਗ ਕੇ ਬੱਚਿਆਂ ਲਈ ਵੱਡੇ ਹਾਦਸੇ ਦਾ ਸਬੱਬ ਬਣ ਸਕਦੀ ਹੈ। ਦੂਜੇ ਪਾਸੇ ਇਮਾਰਤ ਜ਼ਿਆਦਾ ਨੀਵੀਂ ਹੋਣ ਕਾਰਨ ਜਦੋਂ ਕਈ ਵਾਰ ਮੀਂਹ ਪੈਂਦਾ ਹੈ ਤਾਂ ਫਿਰ ਕਮਰਿਆਂ ਵਿਚ 2-3 ਫੁੱਟ ਤੱਕ ਪਾਣੀ ਭਰ ਜਾਂਦਾ ਹੈ ਅਤੇ ਸਕੂਲ ਦੀ ਇਮਾਰਤ ਦੇ ਡਿੱਗਣ ਦਾ ਖਤਰਾ ਵੀ ਵਧ ਜਾਂਦਾ ਹੈ। ਜਿਸ ਕਾਰਨ ਬੱਚਿਆਂ ਨੂੰ ਮਜਬੂਰਨ ਛੁੱਟੀ ਕਰਨੀ ਪੈਂਦੀ ਹੈ। ਬੱਚਿਆਂ ਦੇ ਬਾਹਰ ਬੈਠਣ ਲਈ ਜਿਹੜੀ ਗਰਾਊਂਡ ਬਣੀ ਹੋਈ ਸੀ, ਉਹ ਮੀਂਹ ਆਉਣ 'ਤੇ ਛੱਪੜ ਦਾ ਰੂਪ ਧਾਰ ਲੈਂਦੀ ਸੀ ਪਰ ਇਸ ਦਾ ਬੀੜਾ ਚੁੱਕਦੇ ਹੋਏ ਸਕੂਲ ਅਧਿਆਪਕ ਨੇ ਆਪਣੀ ਤਨਖਾਹ ਵਿਚੋਂ ਪੈਸੇ ਖਰਚ ਕਰ ਕੇ ਮਿੱਟੀ ਪੁਆ ਕੇ ਉਸ ਨੂੰ ਉਚਾ ਚੁੱਕ ਕੇ ਬੱਚਿਆਂ ਦੇ ਪੜ੍ਹਨਯੋਗ ਬਣਾਇਆ। ਖਸਤਾ ਇਮਾਰਤ ਹੋਣ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਵੀ ਹਰ ਸਮੇਂ ਇਹੀ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਮਾਪਿਆਂ ਨੇ ਪੰਜਾਬ ਸਰਕਾਰ ਤੋਂ ਆਸ ਕਰਦੇ ਹੋਏ ਮੰਗ ਕੀਤੀ ਹੈ ਕਿ ਇਸ ਖਸਤਾ ਹਾਲ ਹੋ ਚੁੱਕੀ ਇਮਾਰਤ ਨੂੰ ਢਾਹ ਕੇ ਛੇਤੀ ਹੀ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਕੀਤੀ ਜਾਵੇ ਤਾਂ ਜੋ ਸਭ ਨੂੰ ਸੁੱਖ ਦਾ ਸਾਹ ਆਵੇ।
ਜਦੋਂ ਇਸ ਸਬੰਧੀ ਸਕੂਲ ਇੰਚਾਰਜ ਮੈਡਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਮੰਗ ਨੂੰ ਕਈ ਵਾਰ ਸਥਾਨਕ ਪ੍ਰਸ਼ਾਸਨ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਤੋਂ ਇਲਾਵਾ ਲਿਖਤੀ ਰੂਪ ਵਿਚ ਵੀ ਪਹੁੰਚਾ ਚੁੱਕੇ ਹਨ ਪਰ ਇਸ ਨੂੰ ਅਮਲੀ-ਜਾਮਾ ਪਹਿਨਾਉਣਾ ਵਿਭਾਗ ਅਤੇ ਸਰਕਾਰ ਦੇ ਹੱਥ ਹੀ ਹੈ। ਜਦੋਂ ਇਸ ਖਸਤਾ ਹਾਲ ਇਮਾਰਤ ਸਬੰਧੀ ਕਾਂਗਰਸੀ ਆਗੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਜ਼ਿਆਦਾਤਰ ਬੱਚੇ ਇਥੇ ਗਰੀਬ ਪਰਿਵਾਰਾਂ ਦੇ ਹੀ ਪੜ੍ਹਦੇ ਹਨ। ਅਸੀਂ ਇਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਧਿਆਨ ਵਿਚ ਇਹ ਮਾਮਲਾ ਲਿਆ ਕੇ ਇਸ ਇਮਾਰਤ ਦਾ ਜਲਦੀ ਹੀ ਨਵਾਂ ਨਿਰਮਾਣ ਸ਼ੁਰੂ ਕਰਵਾ ਦੇਵਾਂਗੇ।


Related News