ਭੱਠਲ ਦੇ ਥੱਪੜ ਦਾ ਅਸਰ : 5 ਪਿੰਡਾਂ ਵੱਲੋਂ ਕਾਂਗਰਸ ਦੇ ਬਾਈਕਾਟ ਦਾ ਐਲਾਨ
Tuesday, May 07, 2019 - 02:46 PM (IST)
ਸੰਗਰੂਰ(ਬਿਊਰੋ) : ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦਾ ਖਾਮਿਆਜ਼ਾ ਕੇਵਲ ਢਿੱਲੋਂ ਭੁਗਤਣਾ ਪੈ ਸਕਦਾ ਹੈ। ਪਤਾ ਲੱਗਾ ਹੈ ਕਿ ਸੰਗਰੂਰ ਹਲਕੇ ਦੇ 5 ਪਿੰਡਾਂ ਵੱਲੋਂ ਕਾਂਗਰਸ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਦਰਅਸਲ ਰਾਜਿੰਦਰ ਕੌਰ ਭੱਠਲ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਸੰਗਰੂਰ ਦੇ ਪਿੰਡ ਬੁਸ਼ਹਿਰਾ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਜਦੋਂ ਇਕ ਨੌਜਵਾਨ ਨੇ ਉਨ੍ਹਾਂ ਤੋਂ ਸਵਾਲ ਪੁੱਛੇ ਤਾਂ ਮੈਡਮ ਭੱਠਲ ਭੜਕ ਗਏ ਤੇ ਉਨ੍ਹਾਂ ਨੇ ਨੌਜਵਾਨ ਨੂੰ ਥੱਪੜ ਜੜ ਦਿੱਤਾ। ਇਸ ਘਟਨਾ ਤੋਂ ਬਾਅਦ ਹੁਣ 5 ਪਿੰਡਾਂ ਵੱਲੋਂ ਕਾਂਗਰਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਖ਼ਮਿਆਜ਼ਾ ਕਾਂਗਰਸ ਨੂੰ ਚੋਣਾਂ ਦੌਰਾਨ ਭੁਗਤਨਾ ਪੈ ਸਕਦਾ ਹੈ।
ਪਿੰਡ ਦੇ ਲੋਕਾਂ ਨੇ ਇਸ ਮਾਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਬੀਬੀ ਭੱਠਲ ਦੀ ਇਹ ਹਰਕਤ ਬੇਹੱਦ ਸ਼ਰਮਨਾਕ ਹੈ। ਇਕ ਪਿੰਡ ਵਾਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ 50 ਸਾਲ ਦੀ ਉਮਰ ਵਿਚ ਅਜਿਹੀ ਪਹਿਲੀ ਘਟਨਾ ਦੇਖੀ ਹੈ। ਬੇਸ਼ੱਕ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਵਿਰੋਧੀ ਧਿਰ ਕਈ ਮੁੱਦੇ ਬਣਾ ਕੇ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਲੋਕ ਸਭਾ ਹਲਕਾ ਸੰਗਰੂਰ ਵਿਚ ਕਾਂਗਰਸ ਨੂੰ ਵੱਡੇ ਪੱਧਰ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ 19 ਮਈ ਨੂੰ ਲੋਕ ਕਿਸ ਦੇ ਹੱਕ ਵਿਚ ਉਤਰਦੇ ਹਨ।