ਸੰਗਰੂਰ ''ਚ ਖੁੱਲੀ ''ਨੇਕੀ ਦੀ ਦੁਕਾਨ'', ਲੋੜਵੰਦਾਂ ਨੂੰ ਸਸਤੇ ''ਚ ਮਿਲਣਗੇ ਵਧੀਆ ਕੱਪੜੇ

02/08/2020 4:29:58 PM

ਸੰਗਰੂਰ (ਵਿਵੇਕ ਸਿੰਧਵਾਨੀ,ਸਿੰਗਲਾ) : ਜ਼ਿਲਾ ਰੈੱਡ ਕਰਾਸ ਸੋਸਾਇਟੀ ਦੇ ਪ੍ਰਬੰਧਾਂ ਹੇਠ ਚੱਲਦੀ ਸਾਂਝੀ ਰਸੋਈ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਮਗਰੋਂ ਹੁਣ ਗਰੀਬ ਅਤੇ ਲੋੜਵੰਦ ਲੋਕਾਂ ਲਈ ਇਕ ਹੋਰ ਮਹੱਤਵਪੂਰਨ ਸੁਵਿਧਾ ਉਪਲੱਬਧ ਕਰਵਾਈ ਗਈ ਹੈ, ਜਿਸ ਨੂੰ 'ਨੇਕੀ ਦੀ ਦੁਕਾਨ' ਦੇ ਨਾਂ ਨਾਲ ਜਾਣਿਆ ਜਾਵੇਗਾ। ਇਹ ਪ੍ਰਗਟਾਵਾ ਜ਼ਿਲਾ ਰੈੱਡ ਕਰਾਸ ਸੋਸਾਇਟੀ ਦੇ ਚੇਅਰਪਰਸਨ ਡਾ. ਗਗਨ ਕੁੰਦਰਾ ਨੇ 'ਨੇਕੀ ਦੀ ਦੁਕਾਨ' ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਕੀਤਾ।

ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਸੋਸਾਇਟੀ ਵੱਲੋਂ ਯਤਨ ਕੀਤੇ ਜਾ ਰਹੇ ਸਨ ਕਿ ਗਰੀਬ ਲੋਕਾਂ ਦੀਆਂ ਸਰਦੀ ਅਤੇ ਗਰਮੀ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਕੱਪੜੇ ਉਪਲੱਬਧ ਕਰਵਾਉਣ ਦਾ ਸਾਰਥਕ ਉਪਰਾਲਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਵਾਲੇ ਸਥਾਨ 'ਤੇ ਹੀ ਸਥਾਪਤ ਕੀਤੀ ਇਸ ਦੁਕਾਨ 'ਚ ਸਿਰਫ 10 ਤੋਂ 40 ਰੁਪਏ ਦੀ ਕੀਮਤ 'ਚ ਸਰਦੀ ਅਤੇ ਗਰਮੀ ਵਾਲੇ ਕੱਪੜੇ ਉਪਲੱਬਧ ਕਰਵਾਏ ਗਏ ਹਨ। ਡਾ. ਗਗਨ ਕੁੰਦਰਾ ਨੇ ਦੱਸਿਆ ਕਿ ਲੋੜਵੰਦਾਂ ਲਈ ਕੱਪੜੇ ਇਕੱਤਰ ਕਰਨ ਦੀ ਯੋਜਨਾ ਨੂੰ ਠੋਸ ਢੰਗ ਨਾਲ ਅਮਲ 'ਚ ਲਿਆਉਣ ਲਈ ਰੈੱਡ ਕਰਾਸ ਵੱਲੋਂ ਸ਼ਹਿਰ ਦੇ ਕੌਲਾ ਪਾਰਕ ਅਤੇ ਨਾਨਕਿਆਣਾ ਚੌਕ ਵਿਖੇ 'ਕੱਪੜੇ ਇਕੱਤਰ ਕਰਨ ਲਈ ਵਿਸ਼ੇਸ਼ ਬਾਕਸ' ਸਥਾਪਤ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਨੇ ਰੈੱਡ ਕਰਾਸ ਦੀ ਇਸ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ ਦਿੱਤਾ ਹੈ, ਜਿਸ ਦੇ ਚਲਦਿਆਂ ਬਹੁਤ ਹੀ ਵਧੀਆ ਹਾਲਤ ਵਾਲੇ ਕੱਪੜੇ ਇਕੱਤਰ ਹੋਏ ਸਨ। 'ਨੇਕੀ ਦੀ ਦੁਕਾਨ' ਨੂੰ ਨਿਯਮਤ ਰੂਪ 'ਚ ਚਲਾਉਣ ਲਈ ਅਤੇ ਲਗਾਤਾਰ ਸੁਧਾਰ ਲਿਆਉਣ ਲਈ ਸਮੇਂ-ਸਮੇਂ 'ਤੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸਕੱਤਰ ਸੁਧੀਰ ਮੌਦਗਿਲ, ਸਮਾਜ ਸੇਵਕ ਸਰਬਜੀਤ ਸਿੰਘ ਰੇਖੀ ਆਦਿ ਵੀ ਹਾਜ਼ਰ ਸਨ।


cherry

Content Editor

Related News