ਕਤਲ ਸਮੇਤ 40 ਤੋਂ ਵਧੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਮਾਰੂ ਹਥਿਆਰਾਂ ਸਣੇ ਕਾਬੂ

01/09/2020 5:20:05 PM

ਸੰਗਰੂਰ (ਬੇਦੀ) : ਸੰਗਰੂਰ ਪੁਲਸ ਨੇ ਕਤਲ ਸਣੇ 40 ਤੋਂ ਵਧੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 8 ਮੈਂਬਰਾਂ ਗ੍ਰਿਫਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਡਾ. ਸੰਦੀਪ ਗਰਗ ਐਸ.ਐਸ.ਪੀ. ਸੰਗਰੂਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਮੀਤ ਸਿੰਘ ਪੀ.ਪੀ.ਐਸ. ਐਸ.ਪੀ. (ਪੀ.ਬੀ.ਆਈ.) ਸੰਗਰੂਰ ਮੋਹਿਤ ਅਗਰਵਾਲ ਪੀ.ਪੀ.ਐਸ., ਡੀ.ਐਸ.ਪੀ. (ਡੀ) ਦੀ ਨਿਗਰਾਨੀ ਹੇਠ ਇੰਚਾਰਜ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਅਤੇ ਉਨ੍ਹਾਂ ਦੀ ਟੀਮ ਨੇ ਕਤਲ, ਡਕੈਤੀ, ਲੁੱਟ-ਖੋਹ ਅਤੇ ਚੋਰੀ ਵਰਗੇ ਸੰਗੀਨ ਜ਼ੁਰਮ ਕਰਨ ਵਾਲੇ 10 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਦੋ ਮੈਂਬਰ ਪਹਿਲਾਂ ਤੋਂ ਹੀ ਜੇਲ ਵਿਚ ਬੰਦ ਹਨ।

PunjabKesari

ਗਰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਿਰੋਹ 'ਚ ਸ਼ਾਮਲ ਸੁਖਪ੍ਰੀਤ ਸਿੰਘ ਸੁੱਖੀ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਚਾਂਗਲੀ, ਬਲਜਿੰਦਰ ਸਿੰਘ ਉਰਫ਼ ਕਾਲਾ ਪੁੱਤਰ ਹਰਜੀਤ ਸਿੰਘ, ਮਨਿੰਦਰ ਸਿੰਘ ਉਰਫ਼ ਵੱਟ ਪੁੱਤਰ ਮਿੱਠੂ ਸਿੰਘ, ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਗੁਰਤੇਜ ਸਿੰਘ, ਪ੍ਰਭਜੋਤ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਚਾਂਗਲੀ ਥਾਣਾ, ਸੁਖਚੈਨ ਸਿੰਘ ਉਰਫ਼ ਚੈਨੀ ਪੁੱਤਰ ਬਿੰਦਰ ਸਿੰਘ ਵਾਸੀ ਤੋਲੇਵਾਲ, ਗੁਰਪ੍ਰੀਤ ਸਿੰਘ ਉਰਫ਼ ਕਾਲੀ ਪੁੱਤਰ ਕੇਵਲ ਸਿੰਘ ਵਾਸੀ ਤੋਲੇਵਾਲ ਥਾਣਾ ਅਮਰਗੜ੍ਹ, ਹਰਵਿੰਦਰ ਪਾਲ ਉਰਫ਼ ਨਿੱਕਾ ਪੁੱਤਰ ਜਗਦੀਸ਼ ਰਾਮ ਵਾਸੀ ਕੁਲਾਰ ਖੁਰਦ ਥਾਣਾ ਸਦਰ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਰਾਇਫਲ, 12 ਬੋਰ ਦੋਨਾਲੀ ਸਮੇਤ 2 ਜਿੰਦਾ ਕਾਰਤੂਸ, ਚਾਕੂ, 2 ਕਿਰਚਾਂ, ਲੋਹਾ, 2 ਰਾਡ ਲੋਹਾ, ਇਕ ਲੱਕੜੀ ਦਾ ਡੰਡਾ ਬਰਾਮਦ ਕੀਤਾ ਗਿਆ ਹੈ, ਜਦਕਿ ਗਿਰੋਹ ਦੇ 2 ਮੈਂਬਰ ਮੁਹੰਮਦ ਅਰਸਦ ਉਰਫ ਫੌਜੀ ਪੁੱਤਰ ਅਬਦੁਲ ਰਸੀਦ ਵਾਸੀ ਬਰਕਤਪੁਰ ਸੰਦੌੜ ਤੇ ਸਿੰਦਰ ਸਿੰਘ ਉਰਫ਼ ਲਾਲੀ ਪੁੱਤਰ ਰਾਮ ਸਿੰਘ ਵਾਸੀ ਚਾਂਗਲੀ ਥਾਣਾ ਸਦਰ ਧੂਰੀ ਦੋਵੇਂ ਜਾਣੇ ਪਹਿਲਾਂ ਹੀ ਜੇਲ ਵਿਚ ਬੰਦ ਹਨ।

2-3 ਮੈਂਬਰਾਂ ਦਾ ਗਿਰੋਹ ਬਣਾ ਕੇ ਕਰਦੇ ਸੀ ਵਾਰਦਾਤ
ਉਕਤ ਦੋਸ਼ੀ 2 ਜਾਂ ਤਿੰਨ ਜਣਿਆਂ ਦਾ ਗਿਰੋਹ ਬਣਾ ਕੇ ਕੰਧਾਂ, ਦਰਵਾਜਿਆਂ ਵਿਚ ਪਾੜ ਲਗਾ ਕੇ ਕਤਲ ਕਰਕੇ ਜਾਂ ਕੁੱਟਮਾਰ ਕਰਕੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਦੋਸ਼ੀਆਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ।

ਗਿਰੋਹ ਵੱਲੋਂ ਕੀਤੀਆਂ ਵਾਰਦਾਤਾਂ
ਮਿਤੀ 18/19 ਦੀ ਦਰਮਿਆਨੀ ਰਾਤ ਨੂੰ ਪਰਮਜੀਤ ਕੌਰ ਪਤਨੀ ਲੇਟ ਨਛੱਤਰ ਸਿੰਘ ਵਾਸੀ ਚਾਂਗਲੀ ਦਾ ਗਲਾ ਘੁੱਟਕੇ ਕਤਲ ਕਰ ਦਿੱਤਾ ਸੀ। ਉਸ ਦੀ ਪੇਟੀ ਵਿੱਚੋਂ 45 ਹਜ਼ਾਰ ਰੁਪਏ ਨਗਦ ਅਤੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਚਾਂਦੀ ਦਾ ਕੜਾ ਉਤਾਰ ਕੇ ਲਏ ਗਏ ਸਨ। ਇਹ ਮੁਕੱਦਮਾ ਥਾਣਾ ਸਦਰ ਧੂਰੀ ਵਿਖੇ ਦਰਜ ਹੈ। ਮਿਤੀ 25/26 -12-19 ਦੀ ਰਾਤ ਨੂੰ ਸਟੇਟ ਬੈਂਕ ਆਫ਼ ਇੰਡੀਆ ਪਿੰਡ ਘਨੌਲੀ ਕਲਾਂ ਵਿਖੇ ਬੈਂਕ ਦੀ ਕੰਧ ਵਿਚ ਪਾੜ ਲਾ ਕੇ ਬੈਂਕ ਦੀ ਤਿਜੋਰੀ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿਚ ਬੈਂਕ ਵਿਚ ਰੱਖੀ ਸਕਿਉਰਿਟੀ ਗਾਰਡ ਦੀ 12 ਬੋਰ ਰਾਇਫਲ ਚੋਰੀ ਕਰਕੇ ਲੈ ਗਏ। ਇਸ ਸਬੰਧੀ ਮਾਮਲਾ ਥਾਣਾ ਸਦਰ ਧੂਰੀ ਰਜਿਸਟਰ ਹੋਇਆ। 26/27-12-19 ਦੀ ਰਾਤ ਨੂੰ ਜਿੰਦਲ ਮੈਗਾ ਮਾਰਟ ਤੋਂ 5,00,000 ਰੁਪਏ ਦੀ ਨਗਦੀ ਸਮੇਤ ਕੁੱਝ ਸਮਾਨ ਚੋਰੀ ਕਰਕੇ ਲੈ ਗਏ ਸੀ, ਜਿਸ ਸਬੰਧੀ ਮੁਕੱਦਮਾ ਥਾਣਾ ਸਿਟੀ ਸੰਗਰੂਰ ਦਰਜ ਹੋਇਆ।

ਮਿਤੀ 30-12-19 ਦੀ ਰਾਤ ਨੂੰ ਸ਼ੇਰਪੁਰ ਵਿਖੇ ਪੰਜਾਬ ਨੈਸ਼ਨਲ ਬੈਂਕ ਏ.ਟੀ.ਐਮ. ਦਾ ਜਿੰਦਾ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਸਫ਼ਲ ਨਾ ਹੋ ਸਕੇ, ਜੋ ਮੁਕੱਦਮਾ ਥਾਣਾ ਸ਼ੇਰਪੁਰ 'ਚ ਦਰਜ ਹੈ। ਫਿਰ ਉਸੇ ਰਾਤ ਗੋਬਿੰਦ ਨਗਰ ਮਲੇਰਕੋਟਲਾ ਵਿਖੇ ਮੁਹੰਮਦ ਬਸੀਰ ਉਰਫ਼ ਸੂਫੀ ਪੁੱਤਰ ਉਮਰਾ ਸੂਫੀ ਵਾਸੀ ਗੋਬਿੰਦ ਨਗਰ ਮਲੇਰਕੋਟਲਾ ਨੂੰ ਉਸ ਦੀ ਦੁਕਾਨ 'ਚ ਦਾਖਲ ਹੋ ਕੇ ਸਿਰ ਵਿਚ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਮ੍ਰਿਤਕ ਦੇ ਕਰੀਬ 15 ਹਜ਼ਾਰ ਰੁਪਏ ਸਮੇਤ ਮੋਬਾਇਲ ਫੋਨ ਲੁੱਟ ਕੇ ਲੈ ਗਏ ਸੀ, ਜਿਸ ਸਬੰਧੀ ਮੁਕੱਦਮਾ ਥਾਣਾ ਸਿਟੀ 1 ਮਲੇਰਕੋਟਲਾ 'ਚ ਦਰਜ ਹੈ। ਇਸ ਤੋਂ ਇਲਾਵਾ ਉਕਤ ਗਿਰੋਹ ਨੇ ਲੁੱਟ ਖੋਹਾਂ, ਚੋਰੀ ਦੀਆਂ ਹੋਰ 40 ਵਾਰਦਾਤਾਂ ਨੂੰ ਜ਼ਿਲਾ ਸੰਗਰੂਰ ਸਮੇਤ ਵੱਖ-ਵੱਖ ਸ਼ਹਿਰਾਂ ਅਤੇ ਤੇ ਹੋਰ ਸੂਬਿਆਂ 'ਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸੀ।


cherry

Content Editor

Related News