ਬਾਦਲਾਂ ਦੀ ਸੰਗਰੂਰ ਰੈਲੀ ਦਾ ਜਵਾਬ ਦੇਣ ਲਈ 23 ਨੂੰ ਗਰਜਣਗੇ ਢੀਂਡਸਾ ਦੇ ਹਮਾਇਤੀ
Friday, Feb 07, 2020 - 10:23 AM (IST)
ਸੰਗਰੂਰ (ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੰਗਰੂਰ 'ਚ ਕੀਤੀ ਰੈਲੀ ਦਾ ਜਵਾਬ ਦੇਣ ਲਈ ਢੀਂਡਸਾ ਪਰਿਵਾਰ ਦੇ ਹਮਾਇਤੀਆਂ ਵੱਲੋਂ 23 ਫਰਵਰੀ ਨੂੰ ਸੰਗਰੂਰ ਵਿਖੇ ਰੈਲੀ ਦਾ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬਾਦਲਾਂ ਵੱਲੋਂ ਸੰਗਰੂਰ 'ਚ ਬੇਸ਼ੱਕ ਰੈਲੀ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਲੋਕਾਂ ਨਾਲ ਕੀਤੀ ਵਾਅਦਾ ਖਿਲਾਫ ਦੇ ਨਾਂ ਹੇਠ ਰੱਖੀ ਗਈ ਸੀ ਪਰ ਇਸ ਰੈਲੀ 'ਚ ਕਾਂਗਰਸ ਪਾਰਟੀ ਨੂੰ ਘੱਟ ਅਤੇ ਢੀਂਡਸਾ ਪਰਿਵਾਰ ਨੂੰ ਵੱਧ ਕੋਸਿਆ ਗਿਆ ਸੀ। ਇਸ ਰੈਲੀ ਨੂੰ ਸੰਬੋਧਨ ਕਰਨ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਰੈਲੀ ਢੀਂਡਸਿਆਂ ਦੀ ਅੰਤਿਮ ਅਰਦਾਸ ਸਾਬਤ ਹੋਵੇਗੀ, ਵਰਗੇ ਸ਼ਬਦ ਵੀ ਕਹੇ ਗਏ ਸਨ, ਜਿਸ ਨੂੰ ਲੈ ਕੇ ਢੀਂਡਸਾ ਹਮਾਇਤੀਆਂ 'ਚ ਬਾਦਲਾਂ ਖਿਲਾਫ ਹੋਰ ਵੀ ਗੁੱਸਾ ਭਰ ਗਿਆ ਹੈ ਅਤੇ ਉਨ੍ਹਾਂ ਵੱਲੋਂ ਢੀਂਡਸਾ ਪਰਿਵਾਰ ਨੂੰ ਸੰਗਰੂਰ 'ਚ ਰੈਲੀ ਕਰ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਲਈ ਜ਼ੋਰ ਪਾਇਆ ਗਿਆ ਹੈ।
ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਦੱਸਿਆ ਕਿ ਸੰਗਰੂਰ 'ਚ ਰੈਲੀ ਕਰਨ ਦਾ ਫੈਸਲਾ ਉਨ੍ਹਾਂ ਦੇ ਪਰਿਵਾਰ ਦਾ ਆਪਣਾ ਕੋਈ ਨਿੱਜੀ ਫੈਸਲਾ ਨਹੀਂ ਸਗੋਂ ਜ਼ਿਲਾ ਸੰਗਰੂਰ ਦੇ ਅਧੀਨ ਪੈਂਦੇ ਵੱਖ-ਵੱਖ ਵਿਧਾਨ ਹਲਕਿਆਂ ਤੋਂ ਵੱਡੀ ਗਿਣਤੀ 'ਚ ਪੁੱਜੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦਾ ਸਾਂਝਾ ਫੈਸਲਾ ਹੈ। ਉਨ੍ਹਾਂ ਦੱਸਿਆ ਕਿ ਆਗੂਆਂ ਅਤੇ ਵਰਕਰਾਂ ਦੇ ਕਹਿਣ 'ਤੇ ਹੀ ਅਨਾਜ ਮੰਡੀ ਸੰਗਰੂਰ ਵਿਖੇ 23 ਫਰਵਰੀ ਦੀ ਰੈਲੀ ਰੱਖੀ ਗਈ ਹੈ, ਜਿਸ 'ਚ ਸਿਰਫ ਅਤੇ ਸਿਰਫ ਸੰਗਰੂਰ ਜ਼ਿਲੇ ਨਾਲ ਸਬੰਧਤ ਹਲਕਿਆਂ ਤੋਂ ਹੀ ਅਕਾਲੀ ਦਲ ਦੇ ਆਗੂ ਤੇ ਵਰਕਰ ਸ਼ਾਮਲ ਹੋਣਗੇ। ਇਸ ਸਮੇਂ ਅਮਨਵੀਰ ਸਿੰਘ ਚੈਰੀ ਓ. ਐੱਸ. ਡੀ., ਵਰਿੰਦਰਪਾਲ ਸਿੰਘ ਟੀਟੂ ਪੀ. ਏ., ਗੁਰਮੀਤ ਸਿੰਘ ਜੌਹਲ ਮੀਡੀਆ ਇੰਚਾਰਜ, ਰਜਿੰਦਰ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ, ਉੱਘੇ ਟਰਾਂਸਪੋਰਟਰ ਤਲਵੀਰ ਸਿੰਘ ਧਨੇਸਰ, ਜਤਿੰਦਰ ਸਿੰਘ ਸੋਨੀ ਮੰਡੇਰ ਆੜ੍ਹਤੀਆ ਧੂਰੀ, ਗੁਰਮੀਤ ਸਿੰਘ ਮਾਹਮਦਪੁਰ ਮੈਂਬਰ ਰੇਲਵੇ ਬੋਰਡ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।