ਸੰਗਰੂਰ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਵਿਨਰਜੀਤ ਗੋਲਡੀ ਨੇ ਰੋਡ ਸ਼ੋਅ ਕਰ ਚੋਣ ਮੁਹਿੰਮ ਦਾ ਕੀਤਾ ਆਗਾਜ਼
Sunday, Dec 12, 2021 - 10:03 AM (IST)
ਸੰਗਰੂਰ (ਦਲਜੀਤ ਸਿੰਘ ਬੇਦੀ)- ਵਿਧਾਨ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਵਿਨਰਜੀਤ ਸਿੰਘ ਗੋਲਡੀ ਨੇ ਅੱਜ ਹਲਕੇ ਵਿੱਚ ਇੱਕ ਵੱਡਾ ਰੋਡ ਸ਼ੋਅ ਕਰਕੇ ਆਪਣੀ ਚੋਣ ਮੁਹਿੰਮ ਦਾ ਅਗਾਜ਼ ਕਰ ਦਿੱਤਾ ਹੈ। ਚੰਨੋ ਤੋਂ ਆਰੰਭ ਕੀਤੇ ਇਸ ‘ਰੋਡ ਸ਼ੋਅ’ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵਾਹਨਾਂ ’ਤੇ ਅਕਾਲੀ ਤੇ ਬਸਪਾ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰਭਾਵਸ਼ਾਲੀ ਰੋਡ ਸ਼ੋਅ ਸੰਗਰੂਰ ਵਿਖੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਣ ਉਪਰੰਤ ਸਮਾਪਤ ਕੀਤਾ ਗਿਆ। ਅਕਾਲੀ-ਬਸਪਾ ਉਮੀਦਵਾਰ ਵੱਲੋਂ ਦਿਖਾਈ ਇਸ ਸਰਗਰਮੀ ਕਾਰਨ ਸਿਆਸੀ ਹਲਕਿਆਂ ਵਿੱਚ ਵੱਡੇ ਪੱਧਰ ’ਤੇ ਚਰਚਾ ਛੇੜ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - PM ਮੋਦੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਬਿਟਕੁਆਇਨ ਸਬੰਧੀ ਲਿਖੀ ਸੀ ਇਹ ਗੱਲ
ਰੋਡ ਸ਼ੋਅ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਉਹ ਧਰਮ, ਜਾਤ ਦੀ ਰਾਜਨੀਤੀ ਨਹੀਂ ਸਗੋਂ ਸਾਰਥਿਕ ਰਾਜਨੀਤੀ ਕਰਨ ਲਈ ਇਸ ਮੈਦਾਨ ਵਿੱਚ ਕੁੱਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸੰਗਰੂਰ ਉਨ੍ਹਾਂ ਲਈ ਕੋਈ ਨਵਾਂ ਹਲਕਾ ਨਹੀਂ। ਉਨ੍ਹਾਂ ਨੇ 1989 ਵਿੱਚ ਰਣਬੀਰ ਕਾਲਜ ਤੋਂ ਆਪਣੀ ਪੜ੍ਹਾਈ ਕੀਤੀ। ਅਕਾਲੀ-ਬਸਪਾ ਦੀ ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਨਾਲ ਪੜ੍ਹਨ ਵਾਲੇ ਸਾਥੀਆਂ, ਪੜ੍ਹਾਉਣ ਵਾਲੇ ਅਧਿਆਪਕਾਂ ਤੇ ਪ੍ਰੋਫ਼ੈਸਰਾਂ ਨੇ ਉਨ੍ਹਾਂ ਦਾ ਪੂਰਨ ਸਮਰਥਨ ਕੀਤਾ ਅਤੇ ਭਾਰੀ ਖੁਸ਼ੀ ਦਾ ਇਜ਼ਹਾਰ ਕੀਤਾ। ਸੰਗਰੂਰ ਦੀ ਮੌਜ਼ੂਦਾ ਰਾਜਨੀਤੀ ’ਤੇ ਬੋਲਦਿਆਂ ਗੋਲਡੀ ਨੇ ਕਿਹਾ ਕਿ ਸੰਗਰੂਰ ਵਿੱਚ ਪਰਚਿਆਂ ’ਤੇ ਖਰਚਿਆਂ ਦੀ ਰਾਜਨੀਤੀ ਹੋ ਰਹੀ ਹੈ। ਉਨ੍ਹਾਂ ਨੂੰ ਬੇਹੱਦ ਦੁੱਖ ਹੋ ਰਿਹਾ ਹੈ ਕਿ ਇੱਥੇ ਰਾਜਨੀਤੀ ਦਾ ਪੱਧਰ ਏਨੇ ਨੀਵੇਂ ਪੱਧਰ ’ਤੇ ਚਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਉਨ੍ਹਾਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ’ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭ੍ਰਿਸ਼ਟਾਚਾਰ ਵਿੱਚ ਕਥਿਤ ਮਿਲੀ ਭੁਗਤ ਕਾਰਨ ਉਨ੍ਹਾਂ ਨੂੰ ਹਲਕੇ ਵਿੱਚ 7 ਫੀਸਦੀ ਵਾਲਾ ਮੰਤਰੀ ਕਿਹਾ ਜਾਣ ਲੱਗਿਆ ਹੈ। ਹਰੇਕ ਕੰਮ ਵਿੱਚ ਉਨ੍ਹਾਂ ਦਾ ਹਿੱਸਾ 7 ਫੀਸਦੀ ਬੰਨਿਆ ਹੋਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਬਸਪਾ ਦੀ ਸਰਕਾਰ ਆਉਣ ਸਮੇਂ ਹਲਕੇ ਵਿੱਚ ਹੋਏ ਭਿ੍ਰਸ਼ਟਾਚਾਰ ਦੀ ਜਾਂਚ ਕਰਵਾਈ ਜਾਵੇਗੀ ਅਤੇ ਜਿਹੜਾ ਵੀ ਇਸ ਵਿੱਚ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਗੋਲਡੀ ਨੇ ਕਿਹਾ ਕਿ ਸੰਗਰੂਰ ਵਿੱਚ ਪੀ.ਜੀ.ਆਈ., ਟਾਟਾ ਹਸਪਤਾਲ ਵੀ ਅਕਾਲੀ ਸਰਕਾਰ ਦੀ ਦੇਣ ਸਨ। ਤਤਕਾਲੀਨ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਰੂਰ ਵਿਖੇ ਪੀ.ਜੀ.ਆਈ. ਪ੍ਰਾਜੈਕਟ ਲਗਵਾਉਣ ਲਈ ਜ਼ਮੀਨ ਦਿੱਤੀ ਸੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਇਸ ਤੋਂ ਇਲਾਵਾ ਬਠਿੰਡਾ-ਜ਼ੀਰਕਪੁਰ ਸੜਕ, ਘਾਬਦਾਂ ਦਾ ਮੈਰੋਟੋਰੀਅਸ ਸਕੂਲ, ਸੰਗਰੂਰ ਦਾ ਬੱਸ ਸਟੈਂਡ ਸਿਰਫ਼ ਅਕਾਲੀ ਸਰਕਾਰ ਸਮੇਂ ਹੀ ਬਣੇ ਹਨ। ਸੰਗਰੂਰ ਵਿਖੇ 116 ਕਰੋੜ ਦੇ ਪ੍ਰਾਜੈਕਟ ਸੁਖਬੀਰ ਬਾਦਲ ਵੱਲੋਂ ਪਾਸ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸ਼ਹਿਰ ਵਿੱਚ 1200 ਲਾਈਟਾਂ ਲੱਗਣੀਆਂ ਸਨ ਪਰ ਇਸ ਸਰਕਾਰ ਨੇ ਹਾਲੇ ਤੱਕ 500 ਲਾਈਟਾਂ ਵੀ ਨਹੀਂ ਲਾਈਆਂ। ਉਨ੍ਹਾਂ ਕਿਹਾ ਕਿ ਹੁਣ ਵੀ ਅਕਾਲੀ ਸਰਕਾਰ ਬਣਨ ’ਤੇ ਹਲਕੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਉਹ ਆਪਣੇ ਪੱਧਰ ’ਤੇ ਯਤਨ ਕਰਨਗੇ। ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਗਰੂਰ, ਰਣਧੀਰ ਸਿੰਘ ਭੰਗੂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਲੀਗਲ ਸੈੱਲ ਸੰਗਰੂਰ, ਸੁਖਬੀਰ ਸਿੰਘ ਪੂਨੀਆ ਮੁੱਖ ਸਲਾਹਕਾਰ ਲੀਗਲ ਸੈੱਲ ਅਕਾਲੀ ਦਲ ਸੰਗਰੂਰ, ਅਮਿਤ ਅਲੀਸ਼ੇਰ, ਸਰਵਪਿ੍ਰਆ ਅੱਤਰੀ, ਇਕਬਾਲ ਜੀਤ ਸਿੰਘ ਪੂਨੀਆ ਆਦਿ ਅਕਾਲੀ ਤੇ ਬਸਪਾ ਆਗੂ ਮੌਜ਼ੂਦ ਸਨ।
ਪੜ੍ਹੋ ਇਹ ਵੀ ਖ਼ਬਰ - ਲਵ ਮੈਰਿਜ ਕਰਵਾਉਣ ਮਗਰੋਂ ਵੇਚਣੇ ਪਏ ਸਨ ਗਹਿਣੇ ਤੇ ਫੋਨ, ਅੱਜ ਹੋਰਾਂ ਲਈ ਮਿਸਾਲ ਬਣਿਆ ਇਹ ਜੋੜਾ (ਵੀਡੀਓ)