ਟਰੇਨ ਅੱਗੇ ਆਏ ਆਵਾਰਾ ਪਸ਼ੂ, ਵੱਡਾ ਹਾਦਸਾ ਹੋਣ ਤੋਂ ਟਲਿਆ

12/28/2018 3:33:37 PM

ਸੰਗਰੂਰ (ਬਾਵਾ) : ਅੱਜ ਸੰਗਰੂਰ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਵੱਡਾ ਹਾਦਸਾ ਹੋਣੋ ਟਲ ਗਿਆ ਜਦ ਚੈੱਨਈ ਕਟੜਾ ਐਕਸਪ੍ਰੈੱਸ ਅੱਗੇ ਤਿੰਨ ਆਵਾਰਾ ਪਸ਼ੂ ਆ ਗਏ। ਜਿਸ ਕਾਰਨ ਗੱਡੀ ਪਲਟਨ ਤੋਂ ਬਚ ਗਈ। ਹਾਦਸਾ ਇਨਾਂ ਭਿਆਨਕ ਸੀ ਕਿ ਪਸ਼ੂਆ ਨੂੰ ਗੱਡੀ 300 ਮੀਟਰ ਤੱਕ ਘੜੀਸਦੀ ਹੋਈ ਲੈ ਗਈ, ਜਿਸ ਕਾਰਨ ਪਸ਼ੂ ਇੰਜਣ ਦੇ ਹੇਠਾਂ ਫਸ ਗਏ। ਜਿਸ ਕਾਰਨ ਅੱਧੇ ਦਰਜ਼ਨ ਤੋਂ ਜ਼ਿਆਦਾ ਗੱਡੀਆਂ ਦੇਰੀ ਨਾਲ ਚੱਲੀਆਂ। ਗੱਡੀ ਹੇਠੋਂ ਪਸ਼ੂਆਂ ਨੂੰ ਤੇਜ਼ ਹਥਿਆਰ ਨਾਲ ਕੱਢਣ ਲਈ ਕਰੀਬ ਦੋ ਘੰਟੇ ਦਾ ਸਮਾਂ ਲੱਗਿਆ ਜਿਸ ਕਾਰਨ ਗੱਡੀ 'ਚ ਸਵਾਰ ਸੈਂਕੜੇ ਮੁਸਾਫਰ ਸੰਘਣੀ ਧੁੰਦ ਅਤੇ ਕੜਾਕੇ ਦੀ ਠੁਰ-ਠੁਰ ਕਾਰਨ ਪਰੇਸ਼ਾਨ ਰਹੇ। ਦੱਸ ਦਈਏ ਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। 
ਮੌਕੇ 'ਤੇ ਪੁੱਜੇ ਰੇਲਵੇ ਵਿਭਾਗ ਦੇ ਤਿੰਨ ਸੀਨੀਅਰ ਸਟੇਸ਼ਨ ਮਾਸਟਰ ਕਮਲਜੀਤ ਸਿੰਘ ਸੰਗਰੂਰ, ਐੱਮ. ਕੇ. ਬਜਾਜ਼ ਧੂਰੀ ਅਤੇ ਸਰਬਜੀਤ ਸਿੰਘ ਸੁਨਾਮ ਨੇ ਮਜ਼ਦੂਰ ਬੁਲਾ ਕੇ ਰੇਲਵੇ ਇੰਜਣ 'ਚ ਫਸੇ ਅਵਾਰਾ ਪਸ਼ੂਆਂ ਦਾ ਮਲਵਾ ਕਢਵਾਇਆ। ਸੰਗਰੂਰ ਦੇ ਸਟੇਸ਼ਨ ਮਾਸਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਚੈੱਨਈ ਤੋਂ ਜੰਮੂ ਕਟੜਾ ਐਕਸਪ੍ਰੈੱਸ ਜਾ ਰਹੀ ਗੱਡੀ ਨੰਬਰ 16031 ਦੇ ਹੇਠਾਂ ਆਵਾਰਾ ਪਸ਼ੂਆ ਦੇ ਆਉਣ ਕਾਰਨ ਡਰਾਈਵਰ ਨੂੰ ਧੁੰਦ 'ਚ ਪਤਾ ਨਹੀਂ ਲੱਗਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਮੌਸਮ ਨੂੰ ਵੇਖਦੇ ਹੋਏ ਰੇਲਵੇ 'ਤੇ ਤੈਨਾਤ ਗੰਨਮੈਨਾਂ ਨੂੰ ਹਦਾਇਤਾਂ ਜ਼ਾਰੀ ਕੀਤੀਆਂ ਗਈਆਂ ਹਨ ਕਿ ਉਹ ਆਵਾਰਾ ਪਸ਼ੂਆਂ 'ਤੇ ਨਿਗਰਾਣੀ ਰੱਖਣ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰ ਸਕਣ।


Anuradha

Content Editor

Related News