ਉਸਾਰੀ ਕਿਰਤੀਆਂ ਦੀ ਸਹੂਲਤ ਲਈ ''ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ'' ਮੋਬਾਇਲ ਐਪ ਲਾਂਚ
Monday, Nov 22, 2021 - 05:19 PM (IST)
ਚੰਡੀਗੜ੍ਹ : ਪੰਜਾਬ ਰਾਜ ਦੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਅੱਜ ਇੱਥੇ ਸੂਬੇ ਦੇ ਰਜਿਸਟਰਡ ਉਸਾਰੀ ਕਿਰਤੀਆਂ ਲਈ 'ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ' ਐਪ ਲਾਂਚ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਵਿਸੇਸ਼ ਮੁੱਖ ਸਕੱਤਰ ਰਵਨੀਤ ਕੌਰ ਅਤੇ ਕਿਰਤ ਕਮਿਸ਼ਨਰ ਪੰਜਾਬ ਪਰਵੀਨ ਕੁਮਾਰ ਥਿੰਦ ਹਾਜ਼ਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਮੰਤਰੀ ਗਿਲਜੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਅਧੀਨ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਦੇ ਕੋਲ ਕੁੱਲ ਲਗਭੱਗ 3.78 ਲੱਖ ਲਾਭਪਾਤਰੀ ਰਜਿਸਟਰਡ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਸਮੇਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਇਸ ਐਪ ਬਾਰੇ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਨੇ ਦੱਸਿਆ ਕਿ ਇਹ ਮੋਬਾਇਲ ਐਪ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਵੈੱਬਸਾਈਟ (https://bocw.punjab.gov.in) 'ਤੇ ਉਪਲਬੱਧ ਹੈ ਅਤੇ ਜਲਦ ਹੀ ਪਲੇਅ ਸਟੋਰ ’ਤੇ ਉਪਲਬੱਧ ਹੋਵੇਗੀ।
ਇਸ ਮੋਬਾਇਲ ਐਪ ਰਾਹੀਂ ਉਸਾਰੀ ਕਿਰਤੀ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੇ ਅਤੇ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਜਿਵੇਂ ਕਿ ਵਜ਼ੀਫ਼ਾ ਸਕੀਮ, ਸ਼ਗਨ ਸਕੀਮ, ਪੈਨਸ਼ਨ ਸਕੀਮ ਅਤੇ ਐਕਸਗ੍ਰੇਸੀਆ ਆਦਿ ਦਾ ਲਾਭ ਲੈਣ ਲਈ ਆਪਣੀ ਅਰਜ਼ੀ ਆਨਲਾਈਨ ਇਸ ਮੋਬਾਇਲ ਐਪ ਰਾਹੀਂ ਭੇਜਦੇ ਹੋਏ ਪ੍ਰਵਾਨਗੀ ਉਪਰੰਤ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਹੱਕਦਾਰ ਹੋਣਗੇ। ਸ. ਗਿਲਜੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁਕਮਾਂ ਅਨੁਸਾਰ ਕਿਰਤ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ਵਿੱਚ ਕਿਰਤ ਵਿਭਾਗ ਵੱਲੋਂ ਲਾਭਪਾਤਰੀਆਂ ਦੀ ਸਹੂਲਤ ਲਈ 'ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ' ਬਣਾਈ ਗਈ ਹੈ। ਇਹ ਐਪ ਹੁਸ਼ਿਆਰਪੁਰ ਅਤੇ ਮੋਹਾਲੀ ਵਿੱਚ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸ਼ੁਰੂ ਕੀਤੀ ਗਈ ਹੈ।