ਸੰਦੀਪ ਬਹਿਲ ਬਣੇ ਜਲੰਧਰ ਜਿਮਖਾਨਾ ਕਲੱਬ ਦੇ ਨਵੇਂ ਸਕੱਤਰ, ਮੇਜਰ ਕੋਛੜ ਹੋਣਗੇ ਖ਼ਜ਼ਾਨਚੀ

Monday, Dec 20, 2021 - 12:02 PM (IST)

ਸੰਦੀਪ ਬਹਿਲ ਬਣੇ ਜਲੰਧਰ ਜਿਮਖਾਨਾ ਕਲੱਬ ਦੇ ਨਵੇਂ ਸਕੱਤਰ, ਮੇਜਰ ਕੋਛੜ ਹੋਣਗੇ ਖ਼ਜ਼ਾਨਚੀ

ਜਲੰਧਰ (ਖੁਰਾਣਾ)-ਐਤਵਾਰ ਹੋਈਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਸੰਦੀਪ ਬਹਿਲ ਕੁੱਕੀ ਨੂੰ ਕਲੱਬ ਦਾ ਨਵਾਂ ਆਨਰੇਰੀ ਸਕੱਤਰ ਚੁਣ ਲਿਆ ਗਿਆ ਜਦਕਿ ਮੇਜਰ ਕੋਛੜ ਨੇ ਸ਼ਾਨਦਾਰ ਜਿੱਤ ਨਾਲ ਖਜ਼ਾਨਚੀ ਦਾ ਅਹੁਦਾ ਹਾਸਲ ਕੀਤਾ। ਅਮਿਤ ਕੁਕਰੇਜਾ ਭਾਰੀ ਬਹੁਮਤ ਨਾਲ ਮੀਤ ਪ੍ਰਧਾਨ ਚੁਣੇ ਗਏ ਅਤੇ ਸੌਰਭ ਖੁੱਲਰ ਸਖ਼ਤ ਮੁਕਾਬਲੇ ਵਿਚ ਸੰਯੁਕਤ ਸਕੱਤਰ ਦਾ ਅਹੁਦਾ ਹਾਸਲ ਕਰਨ ਵਿਚ ਕਾਮਯਾਬ ਰਹੇ। ਇਸ ਵਾਰ ਕਲੱਬ ਦੀਆਂ ਚੋਣਾਂ ਪ੍ਰੋਗਰੈਸਿਵਜ਼ ਅਤੇ ਅਚੀਵਰਜ਼ ਗਰੁੱਪਾਂ ਵਿਚਕਾਰ ਲੜੀਆਂ ਗਈਆਂ ਸਨ, ਜਿਸ ਵਿਚ ਦੋਵੇਂ ਗਰੁੱਪਾਂ ਦੇ 2-2 ਉਮੀਦਵਾਰ ਜੇਤੂ ਰਹੇ। ਦੋਵੇਂ ਅਹਿਮ ਅਹੁਦੇ ਪ੍ਰੋਗਰੈਸਿਵ ਦੇ ਹਿੱਸੇ ਆਏ। ਕਲੱਬ ਦੇ ਕੁੱਲ ਵੋਟਰਾਂ ਦੀ ਗਿਣਤੀ 3778 ਸੀ ਜਦੋਂਕਿ ਸਿਰਫ਼ 2700 ਦੇ ਕਰੀਬ ਮੈਂਬਰ ਹੀ ਆਪਣੀ ਵੋਟ ਪਾਉਣ ਆਏ ਸਨ।

ਕੁੱਕੀ ਬਹਿਲ ਨੇ ਤਰੁਣ ਸਿੱਕਾ ਨੂੰ ਆਸਾਨੀ ਨਾਲ ਹਰਾਇਆ
ਜਿਮਖਾਨਾ ਦੇ ਸਾਬਕਾ ਸਕੱਤਰ ਰਹੇ ਕੁੱਕੀ ਬਹਿਲ ਨੇ ਇਸ ਵਾਰ ਤਰੁਣ ਸਿੱਕਾ ਨੂੰ ਆਸਾਨੀ ਨਾਲ ਹਰਾਇਆ। ਕੁੱਕੀ ਬਹਿਲ ਨੂੰ 1538 ਵੋਟਾਂ ਮਿਲੀਆਂ ਜਦਕਿ ਤਰੁਣ ਸਿੱਕਾ ਸਿਰਫ਼ 1154 ਵੋਟਾਂ ਹੀ ਹਾਸਲ ਕਰ ਸਕੇ। ਦੋਵਾਂ ਵੋਟਾਂ ਦਾ ਫਰਕ 384 ਰਹਿ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੇ ਕਪੂਰਥਲਾ ’ਚ ਵਾਪਰੀਆਂ ਘਟਨਾਵਾਂ ਦਾ DGP ਚਟੋਪਾਧਿਆਏ ਵੱਲੋਂ ਗੰਭੀਰ ਨੋਟਿਸ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

PunjabKesari

ਮੇਜਰ ਕੋਛੜ ਨੇ ਵੀ ਰਾਜੂ ਵਿਰਕ ਨੂੰ ਵੱਡੇ ਫਰਕ ਨਾਲ ਹਰਾਇਆ
ਜਿਮਖਾਨਾ ਕਲੱਬ ਦੇ ਨਵੇਂ ਖਜ਼ਾਨਚੀ ਮੇਜਰ ਕੋਛੜ ਨੇ ਆਪਣੇ ਵਿਰੋਧੀ ਉਮੀਦਵਾਰ ਰਾਜੂ ਵਿਰਕ ਨੂੰ ਵੱਡੇ ਫਰਕ ਨਾਲ ਹਰਾਇਆ। ਮੇਜਰ ਨੂੰ 1653 ਅਤੇ ਵਿਰਕ ਨੂੰ ਸਿਰਫ਼ 1035 ਵੋਟਾਂ ਹੀ ਮਿਲੀਆਂ। ਦੋਵਾਂ ਵਿਚ ਜਿੱਤ-ਹਾਰ ਦਾ ਅੰਤਰ 618 ਵੋਟਾਂ ਦਾ ਰਿਹਾ।

ਕੁਕਰੇਜਾ ਨੇ ਗੁਲਸ਼ਨ ਨੂੰ ਭਾਰੀ ਬਹੁਮਤ ਨਾਲ ਹਰਾਇਆ
ਅਚੀਵਰਜ਼ ਦੇ ਅਮਿਤ ਕੁਕਰੇਜਾ ਨੇ ਸਭ ਤੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਉਸ ਨੇ ਪ੍ਰੋਗਰੈਸਿਵਜ਼ ਦੇ ਗੁਲਸ਼ਨ ਸ਼ਰਮਾ ਨੂੰ ਆਸਾਨੀ ਨਾਲ ਹਰਾ ਕੇ ਮੀਤ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ। ਅਮਿਤ ਕੁਕਰੇਜਾ ਸਾਰੇ ਰਾਉਂਡਜ਼ ’ਚ ਅੱਗੇ ਰਹੇ ਅਤੇ ਉਨ੍ਹਾਂ ਨੇ 1681 ਵੋਟਾਂ ਪਈਆਂ ਜਦਕਿ ਗੁਲਸ਼ਨ 1007 ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੇ। ਦੋਵਾਂ ਵਿਚ ਜਿੱਤ ਦਾ ਅੰਤਰ 674 ਰਿਹਾ।

ਸੌਰਭ ਖੁੱਲਰ ਅਤੇ ਅਨੂ ਮਾਟਾ ਵਿਚਾਲੇ ਜ਼ਬਰਦਸਤ ਲੜਾਈ ਹੋਈ
ਕਲੱਬ ਚੋਣਾਂ ਵਿਚ ਸੰਯੁਕਤ ਸਕੱਤਰ ਦੇ ਅਹੁਦੇ ’ਤੇ ਸਭ ਤੋਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਸੌਰਭ ਖੁੱਲਰ ਅਤੇ ਅਨੂ ਮਾਟਾ ਵਿਚਕਾਰ ਫਸਵੇਂ ਮੁਕਾਬਲੇ ਤੋਂ ਬਾਅਦ ਸੌਰਭ ਖੁੱਲਰ ਨੇ ਜਿੱਤ ਹਾਸਲ ਕੀਤੀ। ਕੁਝ ਰਾਉਂਡਾਂ ਵਿਚ ਖੁੱਲਰ ਅਤੇ ਕੁਝ ’ਚ ਅਨੂ ਮਾਟਾ ਅੱਗੇ ਰਹੇ। ਸੌਰਭ ਨੂੰ 1364 ਵੋਟਾਂ ਮਿਲੀਆਂ ਜਦਕਿ ਅਨੂ ਮਾਟਾ ਵੀ 1325 ਵੋਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ। ਦੋਵਾਂ ਵਿਚਾਲੇ ਸਿਰਫ 39 ਵੋਟਾਂ ਦਾ ਫਰਕ ਸੀ।

ਧੀਰਜ ਦੇ ਨਾਲ, ਸੁਮਿਤ ਫੈਕਟਰ ਨੇ ਅਚੀਵਰਜ਼ ਨੂੰ ਨੁਕਸਾਨ ਪਹੁੰਚਾਇਆ
ਇਸ ਵਾਰ ਕਲੱਬ ਚੋਣਾਂ ਵਿਚ ਧੀਰਜ ਸੇਠ ਦੇ ਨਾਲ-ਨਾਲ ਸੁਮਿਤ ਸ਼ਰਮਾ ਨਾਲ ਸਬੰਧਤ ਫੈਕਟਰ ਨੇ ਵੀ ਅਚੀਵਰਜ਼ ਗਰੁੱਪ ਦਾ ਕਾਫੀ ਨੁਕਸਾਨ ਕੀਤਾ, ਜਿਸ ਕਾਰਨ ਤਰੁਣ ਸਿੱਕਾ ਅਤੇ ਰਾਜੂ ਵਿਰਕ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਵਰਣਨਯੋਗ ਹੈ ਕਿ 2 ਸਾਲ ਪਹਿਲਾਂ ਅਚੀਵਰਜ਼ ਨੇ ਧੀਰਜ ਸੇਠ ਨੂੰ ਸਕੱਤਰ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ, ਜਿਸ ਦੀਆਂ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਸਨ ਪਰ ਜਦੋਂ ਤਰੁਣ ਸਿੱਕਾ ਨੂੰ ਮੁੜ ਸਕੱਤਰ ਬਣਾਉਣ ਦੀ ਖੇਡ ਗਰੁੱਪ ਵੱਲੋਂ ਖੇਡੀ ਗਈ ਤਾਂ ਅਚੀਵਰਜ਼ ਗਰੁਪ ’ਚ ਬਗਾਵਤ ਹੋ ਗਈ ਅਤੇ ਧੀਰਜ ਅਤੇ ਗੋਰਾ ਠਾਕੁਰ ਆਦਿ ਅਚੀਵਰਜ਼ ਨੂੰ ਛੱਡ ਕੇ ਪ੍ਰੋਗਰੈਸਿਵ ਵਿਚ ਸ਼ਾਮਲ ਹੋ ਗਏ। ਇਸ ਗਰੁੱਪ ਨੇ ਕੁੱਕੀ ਬਹਿਲ ਨੂੰ ਸਕੱਤਰ ਵਜੋਂ ਖੜ੍ਹਾ ਹੋਣ ਲਈ ਮਨ ਲਿਆ ਅਤੇ ਮੇਜਰ ਕੋਚਰ ਨੂੰ ਵੀ ਮਨਾ ਕੇ ਲਿਆਂਦਾ ਗਿਆ। ਅਚੀਵਰਜ਼ ਗਰੁੱਪ ਨੇ ਸੁਮਿਤ ਸ਼ਰਮਾ ਨੂੰ ਮੀਤ ਪ੍ਰਧਾਨ ਦਾ ਅਹੁਦਾ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਜਦੋਂ ਇਸ ਅਹੁਦੇ ’ਤੇ ਅਮਿਤ ਕੁਕਰੇਜਾ ਨੂੰ ਉਮੀਦਵਾਰ ਬਣਾਇਆ ਗਿਆ ਅਤੇ ਸੁਮਿਤ ਨੂੰ ਨਾ ਪੁੱਛਿਆ ਗਿਆ ਤਾਂ ਉਸ ਨੇ ਵੀ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਅਤੇ ਆਜ਼ਾਦ ਉਮੀਦਵਾਰ ਵਜੋਂ ਸਕੱਤਰ ਅਹੁੱਦੇ ਲਈ ਖੜ੍ਹੇ ਹੋ ਗਏ। ਜਦੋਂ ਤੱਕ ਸੁਮਿਤ ਨੂੰ ਮਨਾਇਆ ਜਾਂਦਾ ਉਦੋਂ ਤੱਕ ਉਹ ਵੀ ਅਚੀਵਰਜ਼ ਨੂੰ ਕਾਫ਼ੀ ਨੁਕਸਾਨ ਪਹੁੰਚਾ ਚੁੱਕੇ ਸੀ, ਜਿਸ ਦਾ ਨਤੀਜਾ ਅੱਜ ਸਿੱਕਾ ਅਤੇ ਵਿਰਕ ਦੀ ਹਾਰ ਹੈ।

ਇਹ ਵੀ ਪੜ੍ਹੋ: ਪਰਗਟ ਸਿੰਘ ਦਾ ਵੱਡਾ ਬਿਆਨ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਰਚੀਆਂ ਜਾ ਰਹੀਆਂ ਨੇ ਸਾਜਿਸ਼ਾਂ

PunjabKesari

ਡਾਇਨਾਮਿਕ ਗਰੁੱਪ ਨੇ ਵਿਖਾਇਆ ਜਲਵਾ
ਪਿਛਲੇ ਕਈ ਸਾਲਾਂ ਤੋਂ ਐੱਨ ਬਲਾਕ ਵਜੋਂ ਕਲੱਬ ’ਚ ਆ ਕੇ ਵੋਟਿੰਗ ਕਰਨ ਵਾਲੇ ਡਾਇਨਾਮਿਕ ਗਰੁੱਪ ਨੇ ਅੱਜ ਫਿਰ ਜਲਵਾ ਦਿਖਾਉਂਦੇ ਹੋਏ ਵੋਟਿੰਗ ਤੋਂ ਪਹਿਲਾਂ ਇਕ ਹੋਟਲ ਵਿਚ ਪਾਰਟੀ ਕੀਤੀ ਅਤੇ ਫਿਰ ਕਲੱਬ ਵਿਚ ਆ ਕੇ 40-50 ਮੈਂਬਰਾਂ ਨਾਲ ਮਿਲ ਕੇ ਤਾਕਤ ਦਾ ਪ੍ਰਦਰਸ਼ਨ ਕੀਤਾ। ਗਰੁੱਪ ਦੀ ਅਗਵਾਈ ਅਗਵਾਈ ਜੋਤੀ ਪ੍ਰਕਾਸ਼ ਅਤੇ ਸਕੱਤਰ ਅਤੁਲ ਮਹਿਤਾ ਨੇ ਕੀਤੀ। ਇਸ ਦੌਰਾਨ ਹਵੇਲੀ ਗਰੁੱਪ ਤੋਂ ਸਤੀਸ਼ ਜੈਨ, ਪ੍ਰੈਜ਼ੀਡੈਂਟ ਹੋਟਲ ਤੋਂ ਜੇ. ਪੀ. ਸਿੰਘ, ਵਿਕਟਰ ਗਰੁੱਪ ਤੋਂ ਅਸ਼ਵਨੀ ਬੱਬੂ, ਦਿਨੇਸ਼ ਅਗਰਵਾਲ, ਰਾਜੇਸ਼ ਗੁਪਤਾ, ਵਿਵੇਕ ਗੁਪਤਾ, ਮਨੀਸ਼, ਆਦਿਤਿਆ ਚੌਹਾਨ, ਆਸ਼ੂ, ਦੀਪਕ ਸੋਨੀ, ਆਰ. ਐੱਸ. ਬੇਦੀ, ਅਰਵਿੰਦ ਗੁਲਾਟੀ, ਬੌਬੀ ਗੁਲਾਟੀ ਅਤੇ ਰੁਪਿੰਦਰ ਨੰਦਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ |

ਚੋਣ ਪ੍ਰਚਾਰ ’ਚ ਸਰਗਰਮ ਰਹੀਆਂ ਔਰਤਾਂ
ਕਲੱਬ ਚੋਣਾਂ ਦੇ ਪ੍ਰਚਾਰ ਲਈ ਅੱਜ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਵਜੋਂ ਪੁੱਜੀਆਂ ਔਰਤਾਂ ਵੀ ਸਰਗਰਮ ਰਹੀਆਂ। ਸਭ ਤੋਂ ਵੱਧ ਗਿਣਤੀ ਸਮਰਸੈੱਟ ਸਕੂਲ ਦੇ ਮਾਲਕ ਮਹਿੰਦਰ ਸਿੰਘ ਦੇ ਹੱਕ ਵਿਚ ਨਜ਼ਰ ਆਈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਕਪੂਰਥਲਾ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਦਾ ਸੰਗਤ ਨੇ ਲਾਇਆ ਸੋਧਾ

PunjabKesari

ਬਜ਼ੁਰਗਾਂ ਨੇ ਵੋਟ ਪਾਉਣ ਲਈ ਉਤਸ਼ਾਹ ਵਿਖਾਇਆ
ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਬਜ਼ੁਰਗ ਵੀ ਵੋਟ ਪਾਉਣ ਪਹੁੰਚੇ। ਐਤਵਾਰ ਅਤੇ ਸਰਦੀ ਕਾਰਨ ਸਵੇਰੇ ਵੋਟਿੰਗ ਸੁਸਤ ਰਹੀ ਪਰ ਦੁਪਹਿਰ ਬਾਅਦ ਅਚਾਨਕ ਤੇਜ਼ੀ ਆ ਗਈ। ਕਈ ਬਜ਼ੁਰਗ ਵ੍ਹੀਲਚੇਅਰ ’ਤੇ ਆਉਂਦੇ ਦੇਖੇ ਗਏ ਅਤੇ ਕਈਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੈ ਕੇ ਆਏ ਸਨ।

PunjabKesari

ਸਿਸਟਮ ਚਰਮਰਾਇਆ ਪਰ ਅਧਿਕਾਰੀਆਂ ਨੇ ਸੰਭਾਲ ਲਿਆ
ਇਕ ਧੜੇ ਨੇ ਕਲੱਬ ਚੋਣਾਂ ਵਿਚ ਗੜਬੜੀ ਦਾ ਖਦਸ਼ਾ ਪ੍ਰਗਟਾਇਆ ਸੀ, ਜਿਸ ਕਾਰਨ ਡੀ. ਸੀ. ਨੇ ਸਖ਼ਤ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਇਨ੍ਹਾਂ ਹਦਾਇਤਾਂ ਤਹਿਤ ਏ. ਡੀ. ਸੀ. ਅਮਰਜੀਤ ਬੈਂਸ ਅਤੇ ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ ਨੇ ਆਪਣੇ ਵੱਲੋਂ ਵਧੀਆ ਪ੍ਰਬੰਧ ਕੀਤੇ ਸਨ ਪਰ ਦੁਪਹਿਰ ਬਾਅਦ ਜਦੋਂ ਵੋਟਰਾਂ ਦੀ ਗਿਣਤੀ ਅਚਾਨਕ ਵੱਧ ਗਈ ਤਾਂ ਸਾਰੇ ਪ੍ਰਬੰਧਾਂ ਨੂੰ ਤੋੜ-ਮਰੋੜ ਕੇ ਪੋਲਿੰਗ ਬੂਥ ਅੱਗੇ ਸਾਰੇ ਵੋਟਰਾਂ ਨੂੰ ਇਕੱਠੇ ਹੋਣ ਦਿੱਤਾ ਗਿਆ | ਇਸ ਤੋਂ ਪਹਿਲਾਂ ਭੀੜ ਹੋਣ ਕਾਰਨ ਕਈ ਵੋਟਰ ਬਿਨਾਂ ਵੋਟ ਪਾਏ ਹੀ ਵਾਪਸ ਚਲੇ ਗਏ। ਬਾਅਦ ਦੁਪਹਿਰ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਲੱਬ ਦਾ ਦੌਰਾ ਕੀਤਾ ਅਤੇ ਵੋਟਿੰਗ ਪ੍ਰਕਿਰਿਆ ’ਤੇ ਤਸੱਲੀ ਪ੍ਰਗਟਾਈ। ਦੇਰ ਰਾਤ ਤੱਕ ਗਿਣਤੀ ਪ੍ਰਕਿਰਿਆ ਵੀ ਸਹੀ ਢੰਗ ਨਾਲ ਮੁਕੰਮਲ ਹੋ ਗਈ ਸੀ।

PunjabKesari

ਚੰਨੀ ਦੀ ਵੋਟ ਗ਼ਲਤੀ ਨਾਲ ਕਿਸੇ ਹੋਰ ਨੇ ਪਾ ਦਿੱਤੀ
ਕਲੱਬ ਚੋਣਾਂ ਦੀ ਪ੍ਰਕਿਰਿਆ ਅੱਜ ਬਿਨਾਂ ਕਿਸੇ ਦੁਰਘਟਨਾ ਦੇ ਮੁਕੰਮਲ ਹੋ ਗਈ ਪਰ ਪੋਲਿੰਗ ਸਟਾਫ਼ ਦੀ ਗਲਤੀ ਕਾਰਨ ਇਕ ਬੂਥ ’ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਦੀ ਵੋਟ ਉਨ੍ਹਾਂ ਦੇ ਨਾਲ ਆਏ ਇਕ ਹੋਰ ਵਿਅਕਤੀ ਵੱਲੋਂ ਪਾਈ ਗਈ। ਜਦੋਂ ਚੰਨੀ ਵੋਟ ਪਾਉਣ ਗਿਆ ਤਾਂ ਸਟਾਫ ਨੇ ਉਸ ਨੂੰ ਰੋਕ ਲਿਆ। ਦਰਅਸਲ, ਦੋਵਾਂ ਦੀਆਂ ਪਰਚੀਆਂ ਆਪਸ ਵਿਚ ਬਦਲ ਗਈਆਂ ਸਨ, ਜਿਸ ਕਾਰਨ ਗ਼ਲਤੀ ਹੋ ਗਈ ਸੀ ਪਰ ਮਾਮਲਾ ਹੱਲ ਹੋ ਗਿਆ। 
ਕਾਰਜਕਾਰਨੀ ਵਿਚ ਇਨ੍ਹਾਂ ਨੂੰ ਨਸੀਬ ਹੋਈ ਜਿੱਤ
ਪ੍ਰੋ. ਵਿਪਿਨ ਝਾਂਜੀ- 1389 ਵੋਟਾਂ
ਨਿਤਿਨ ਬਹਿਲ- 1348 ਵੋਟਾਂ
ਰਾਜੂ ਸਿੱਧੂ- 1246 ਵੋਟਾਂ
ਸ਼ਾਲੀਨ ਜੋਸ਼ੀ- 1243 ਵੋਟਾਂ
ਮਹਿੰਦਰ ਸਿੰਘ- 1181 ਵੋਟਾਂ
ਨਿਖਿਲ ਗੁਪਤਾ- 1075 ਵੋਟਾਂ
ਹਰਪ੍ਰੀਤ ਸਿੰਘ ਗੋਲਡੀ- 1070 ਵੋਟਾਂ
ਰਾਜੀਵ ਬਾਂਸਲ- 1068 ਵੋਟਾਂ
ਅਤੁਲ ਤਲਵਾੜ- 1052 ਵੋਟਾਂ
ਐਡ. ਗੁਨਦੀਪ ਸੋਢੀ- 1023 ਵੋਟਾਂ

ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ

ਪੂਰੀ ਤਰ੍ਹਾਂ ਲੜਖੜਾ ਗਿਆ ਕਲੱਬ ਚੋਣਾਂ ਦਾ ਸਿਸਟਮ
ਸਹੀ ਢੰਗ ਨਾਲ ਸੰਚਾਲਨ ਨਹੀਂ ਕਰ ਸਕੇ ਪ੍ਰਸ਼ਾਸਨਿਕ ਅਧਿਕਾਰੀ

ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਿਮਖਾਨਾ ਕਲੱਬ ਦੀਆਂ ਚੋਣਾਂ ਦੇ ਮੱਦੇਨਜ਼ਰ ਇਕ ਆਈ. ਏ. ਐੱਸ. ਅਤੇ ਤਿੰਨ-ਚਾਰ ਪੀ. ਸੀ. ਐੱਸ. ਅਧਿਕਾਰੀਆਂ ਦੀ ਡਿਊਟੀ ਲਾਈ ਹੋਈ ਸੀ ਅਤੇ ਸੁਰੱਖਿਆ ਦੇ ਵੀ ਵਾਧੂ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਇਸ ਦੇ ਬਾਵਜੂਦ ਅੱਜ ਜਿਮਖਾਨਾ ਕਲੱਬ ਦੀਆਂ ਚੋਣਾਂ ਦੌਰਾਨ ਸਿਸਟਮ ਲੜਖੜਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਚੋਣਾਂ ਦਾ ਸਹੀ ਢੰਗ ਨਾਲ ਸੰਚਾਲਨ ਨਹੀਂ ਕਰ ਸਕੇ। ਭਾਵੇਂ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਗੜਬੜੀ ਦੀ ਸੂਚਨਾ ਨਹੀਂ ਹੈ ਪਰ ਫਿਰ ਵੀ ਸਾਰਾ ਦਿਨ ਬੇਨਿਯਮੀ ਦਾ ਆਲਮ ਦੇਖਣ ਨੂੰ ਮਿਲਿਆ। ਸਵੇਰੇ ਜਦੋਂ ਵੋਟਰਾਂ ਦੀ ਭੀੜ ਪੁੱਜੀ ਉਦੋਂ ਪੋਲਿੰਗ ਸਟਾਫ ਕੋਲ ਵੋਟਰ ਸਲਿੱਪ ਜਾਰੀ ਕਰਨ ਦੇ ਉਚਿਤ ਪ੍ਰਬੰਧ ਨਹੀਂ ਸਨ, ਜਿਸ ਕਾਰਨ ਕਲੱਬ ਦੇ ਗੇਟ ਦੇ ਬਾਹਰ ਵੋਟਰਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ ਅਤੇ ਵਧੇਰੇ ਵੋਟਰ ਬਿਨਾਂ ਵੋਟ ਪਾਏ ਹੀ ਵਾਪਸ ਚਲੇ ਗਏ।

PunjabKesari

ਬਾਅਦ ਵਿਚ ਵਧਦੀ ਭੀੜ ਨੂੰ ਵੇਖ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੇਨ ਗੇਟ ਨੂੰ ਖੋਲ੍ਹ ਦਿੱਤਾ, ਜਿਸ ਕਾਰਨ ਵੋਟਰਾਂ ਦੇ ਨਾਲ-ਨਾਲ ਹੋਰ ਲੋਕ ਵੀ ਕਲੱਬ ਦੇ ਅੰਦਰ ਚਲੇ ਗਏ ਅਤੇ ਸਾਰਾ ਦਿਨ ਬੂਥ ਵਾਲੀ ਥਾਂ ’ਤੇ ਹਫੜਾ-ਦਫੜਾ ਮਚੀ ਰਹੀ। ਅਾਰ. ਓ. ਨੇ ਵੋਟਿੰਗ ਸਥਾਨ ਦੇ ਆਲੇ-ਦੁਆਲੇ ਕਿਸੇ ਪਰਿੰਦੇ ਤਕ ਨੂੰ ਨਾ ਫਟਕਣ ਦੇਣ ਦੀ ਗੱਲ ਕਹੀ ਸੀ ਅਤੇ ਮੋਬਾਇਲ ਫੋਨ ’ਤੇ ਰੋਕ ਲਾਈ ਸੀ ਪਰ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਦਿਸੀਆਂ। ਬਾਅਦ ਦੁਪਹਿਰ ਡੀ. ਸੀ. ਨੇ ਵੀ ਕਲੱਬ ਦਾ ਦੌਰਾ ਕਰ ਕੇ ਵੋਟਿੰਗ ਪ੍ਰਕਿਰਿਆ ਨੂੰ ਵੇਖਿਆ।
 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News