ਰੇਤ ਦਾ ਗੈਰ-ਕਾਨੂੰਨੀ ਧੰਦਾ ਕਰਨ ਵਾਲਾ ਭਜਿਆ ਜੇਲ
Sunday, Feb 18, 2018 - 01:34 PM (IST)

ਸੁਲਤਾਨਪੁਰ ਲੋਧੀ (ਸੋਢੀ) - ਥਾਣਾ ਕਬੀਰਪੁਰ ਪੁਲਸ ਨੇ ਐੱਸ. ਐੱਚ. ਓ. ਜਸਮੇਲ ਕੌਰ ਚਾਹਲ ਦੀ ਅਗਵਾਈ ਹੇਠ ਰੇਤ ਮਾਫੀਆ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਆਹਲੀਕਲਾਂ ਨਿਵਾਸੀ ਸੁਖਪਿੰਦਰ ਸਿੰਘ ਉਰਫ ਕਾਲੀ ਪੁੱਤਰ ਰਛਪਾਲ ਸਿੰਘ ਖਿਲਾਫ਼ ਮਾਈਨਿੰਗ ਐਕਟ ਤਹਿਤ ਕੇਸ ਦਰਜ ਕਰ ਕੇ ਜੇਲ ਭੇਜ ਦਿੱਤਾ ਹੈ ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਸਮੇਲ ਕੌਰ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਰੇਤ ਦਾ ਗੈਰ-ਕਾਨੂੰਨੀ ਧੰਦਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਾਲੀ ਟਰੈਕਟਰ ਟਰਾਲੀ 'ਤੇ ਗੈਰ-ਕਾਨੂੰਨੀ ਰੇਤ ਲੈ ਕੇ ਪਿੰਡ ਹੁਸੈਨਪੁਰ ਬੂਲੇ ਤੋਂ ਪਿੰਡ ਆਹਲੀਕਲਾਂ ਵੱਲ ਜਾ ਰਿਹਾ ਸੀ ਕਿ ਕਬੀਰਪੁਰ ਪੁਲਸ ਨੇ ਕਾਬੂ ਕਰ ਕੇ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਲਾਕੇ 'ਚ ਕਿਸੇ ਨੂੰ ਵੀ ਗੈਰ-ਕਾਨੂੰਨੀ ਧੰਦਾ ਨਹੀਂ ਕਰਨ ਦਿੱਤਾ ਜਾਵੇਗਾ ।