ਹਲਕਾ ਸਮਰਾਲਾ ਦੀਆਂ ਸੜਕਾਂ ਨੂੰ ਵੀ ਪਈ ਕੋਰੋਨਾ ਦੀ ਮਾਰ, ਨਿਰਮਾਣ ’ਤੇ ਲੱਗੀ ਰੋਕ
Friday, Jun 26, 2020 - 04:21 PM (IST)
ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੀਆਂ ਪ੍ਰਮੁੱਖ ਸੜਕਾਂ ਦੀ ਪਿਛਲੇ ਕਈ ਸਾਲਾਂ ਤੋਂ ਬਦ ਤੋਂ ਬਦਤਰ ਹਾਲਤ ਹੋਈ ਪਈ ਹੈ, ਜਿਸ ਕਾਰਨ ਲੋਕ ਵੀ ਅੱਤ ਦੇ ਦੁਖੀ ਹਨ। ਪਿਛਲੇ ਕੁੱਝ ਮਹੀਨਿਆਂ ਤੋਂ ਇਨ੍ਹਾਂ ਖਸਤਾ ਹਾਲਤ ਸੜਕਾਂ ਦੇ ਨਿਰਮਾਣ ਸਬੰਧੀ ਟੈਂਡਰ ਹੋਏ ਅਤੇ ਲੋਕਾਂ ਨੂੰ ਆਸ ਬੱਝੀ ਕਿ ਉਨ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ ਪਰ ਹੁਣ ਹਲਕਾ ਸਮਰਾਲਾ ਦੀਆਂ ਸੜਕਾਂ ’ਤੇ ਕਰੋਨਾ ਦੀ ਮਾਰ ਆ ਪਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੀ ਸਰਕਾਰ ਨੇ ਪੱਤਰ ਜਾਰੀ ਕਰ ਫਿਲਹਾਲ ਨਵੇਂ ਕੰਮ ਸ਼ੁਰੂ ਹੋਣ ’ਤੇ ਰੋਕ ਲਗਾ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮਹਿਕਮੇ ਦੇ ਸੈਂਟਰਲ ਤੇ ਈਸਟ ਜ਼ੋਨ ਦੇ ਪ੍ਰਮੁਖ ਇੰਜਨੀਅਰ ਨੇ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਵੀ ਸੜਕਾਂ ਦੇ ਮੁਰੰਮਤ ਕਾਰਜ਼ 5 ਕਰੋੜ ਤੋਂ ਵੱਧ ਰਾਸ਼ੀ ਵਾਲੇ ਹਨ ਅਤੇ ਉਨ੍ਹਾਂ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਨਹੀਂ ਹੋਏ, ਫਿਲਹਾਲ ਇਹ ਰੋਕ ਲਏ ਜਾਣ। ਬੇਸ਼ੱਕ ਪੱਤਰ ’ਚ 5 ਕਰੋੜ ਤੋਂ ਵੱਧ ਦੀ ਲਾਗਤ ਨਾਲ ਸੜਕਾਂ ਦੇ ਕੰਮ ਸ਼ੁਰੂ ਨਾ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ ਪਰ ਕੋਰੋਨਾ ਕਾਰਨ ਪਿਛਲੇ ਢਾਈ ਮਹੀਨੇ ਤੋਂ ਸਰਕਾਰ ਦੀ ਆਰਥਿਕ ਸਥਿਤੀ ਬੇਹੱਦ ਮਾੜੀ ਹੋਈ ਪਈ ਹੈ, ਜਿਸ ਲਈ ਫਿਲਹਾਲ ਸਰਕਾਰ ਨੇ ਵੱਡੇ ਵਿਕਾਸ ਕਾਰਜ਼ਾਂ ’ਤੇ ਰੋਕ ਲਗਾ ਦਿੱਤੀ ਹੈ।
ਪੰਜਾਬ ਸਰਕਾਰ ਦੇ ਲੋਕ ਨਿਰਮਾਣ ਮਹਿਕਮੇ ਵੱਲੋਂ ਸੜਕਾਂ ਦੇ ਨਿਰਮਾਣ ਸ਼ੁਰੂ ਨਾ ਕਰਨ ਦਾ ਸਿੱਧਾ ਅਸਰ ਹਲਕਾ ਸਮਰਾਲਾ ’ਤੇ ਪਿਆ ਕਿਉਂਕਿ ਮਾਛੀਵਾੜਾ ਤੋਂ ਲੈ ਕੇ ਚੱਕ ਲੋਹਟ ਤੱਕ 20 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਈ, 2019 ’ਚ ਇਸ ਸੜਕ ਲਈ 8 ਕਰੋੜ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ ਅਤੇ ਇੱਕ ਸਾਲ ਬਾਅਦ ਇਸ ਦਾ ਟੈਂਡਰ ਲੱਗਿਆ ਅਤੇ ਲੋਕਾਂ ਨੂੰ ਆਸ ਬੱਝੀ ਸੀ ਕਿ ਹੁਣ ਇਸ ਖਸਤਾ ਹਾਲਤ ਸੜਕ ਤੋਂ ਛੁਟਕਾਰਾ ਮਿਲ ਜਾਵੇਗਾ ਪਰ ਕੋਰੋਨਾ ਦੀ ਅਜਿਹੀ ਮਾਰ ਪਈ ਕਿ ਇਸ ਸੜਕ ਦਾ ਨਿਰਮਾਣ ਜਲਦ ਸ਼ੁਰੂ ਦੀ ਸੰਭਾਵਨਾ ਨਹੀਂ। ਮਾਛੀਵਾੜਾ ਤੋਂ ਚੱਕ ਲੋਹਟ 20 ਕਿਲੋਮੀਟਰ ਲੰਬੀ ਸੜਕ ਬੇਟ ਖੇਤਰ ਦੇ ਕਰੀਬ 50 ਪਿੰਡਾਂ ਨੂੰ ਜੋੜਦੀ ਹੈ, ਜਿੱਥੋਂ ਰੋਜ਼ਾਨਾ ਹੀ ਹਜ਼ਾਰਾਂ ਵਾਹਨ ਲੰਘਦੇ ਹਨ ਪਰ ਇਸ ਸੜਕ ’ਤੇ ਪਏ ਡੂੰਘੇ ਖੱਡਿਆਂ ਕਾਰਨ ਲੋਕ ਸਰਕਾਰ ਨੂੰ ਕੋਸਦੇ ਵੀ ਨਹੀਂ ਥੱਕਦੇ ਅਤੇ ਜੇਕਰ ਆਉਣ ਵਾਲੇ 4 ਮਹੀਨਿਆਂ ’ਚ ਇਸ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕਾਰਜ਼ ਸ਼ੁਰੂ ਨਾ ਹੋਇਆ ਤਾਂ ਫਿਰ ਅਗਲੇ ਸਾਲ 2021 ’ਚ ਇਸ ਦੀ ਮੁਰੰਮਤ ਦਾ ਕੰਮ ਸੰਭਵ ਹੋਵੇਗਾ ਪਰ ਉਦੋਂ ਤੱਕ ਕਾਂਗਰਸ ਸਰਕਾਰ ਦੀ ਕਿਰਕਿਰੀ ਹੋਵੇਗੀ ਉਥੇ ਨਾਲ ਹੀ ਲੋਕਾਂ ਨੂੰ ਵੀ ਸੰਤਾਪ ਝੱਲਣਾ ਪਵੇਗਾ।
ਮਾਛੀਵਾੜਾ-ਖੰਨਾ ਮਾਰਗ ਦਾ ਕੰਮ ਵੀ ਠੇਕੇਦਾਰ ਨੇ ਅਦਾਇਗੀ ਨਾ ਹੋਣ ਕਾਰਨ ਅੱਧਵਾਟੇ ਛੱਡਿਆ
ਦਿੱਲੀ ਨੂੰ ਸ਼੍ਰੀਨਗਰ ਨੂੰ ਜੋੜਦੀ ਪ੍ਰਮੁੱਖ ਸੜਕ ਸਤਲੁਜ ਦਰਿਆ ਤੋਂ ਲੈ ਕੇ ਖੰਨਾ ਤੱਕ ਦੀ ਹਾਲਤ ਵੀ ਬੇਹੱਦ ਤਰਸਯੋਗ ਹੈ ਅਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਇਸ ਦੀ ਮੁਰੰਮਤ ਲਈ ਕਾਫ਼ੀ ਯਤਨ ਕੀਤੇ, ਜਿਸ ਕਾਰਨ ਕਰੀਬ ਸਮਰਾਲਾ ਤੋਂ ਲੈ ਕੇ ਦਰਿਆ ਤੱਕ 20 ਕਿਲੋਮੀਟਰ ਲੰਬੀ ਸੜਕ ’ਤੇ 4 ਕਰੋੜ ਦੀ ਲਾਗਤ ਨਾਲ ਪੈਚਵਰਕ ਦਾ ਕੰਮ ਮੁਕੰਮਲ ਹੋਇਆ। ਸਮਰਾਲਾ ਤੋਂ ਲੈ ਕੇ ਖੰਨਾ ਤੱਕ ਸੜਕ ਦੇ ਨਿਰਮਾਣ ਲਈ 10 ਕਰੋੜ ਰੁਪਏ ਦਾ ਟੈਂਡਰ ਪਾਸ ਹੋਇਆ, ਜਿਸ ਲਈ ਠੇਕੇਦਾਰ ਨੇ ਇਸ ਉਪਰ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਰਾਹਤ ਹੋਈ ਕਿ ਹੁਣ ਟੁੱਟੀਆਂ ਸੜਕ ਤੋਂ ਛੁਟਕਾਰਾ ਮਿਲਣਾ ਸ਼ੁਰੂ ਹੋ ਗਿਆ ਪਰ ਇਸ ਸੜਕ ’ਤੇ ਵੀ ਕਰੋਨਾ ਦੀ ਅਜਿਹੀ ਮਾਰ ਪਈ ਕਿ ਸਰਕਾਰ ਨੇ ਨਿਰਮਾਣ ਕਰਨ ਵਾਲੇ ਠੇਕੇਦਾਰ ਦੀ 3 ਕਰੋੜ ਦੀ ਅਦਾਇਗੀ ਰੋਕ ਲਈ ਜਿਸ ਕਾਰਨ ਇਹ ਕੰਮ ਉਸਨੇ ਅੱਧਵਾਟੇ ਹੀ ਛੱਡ ਦਿੱਤਾ। ਪੰਜਾਬ ਕਾਂਗਰਸ ਵਲੋਂ ਸੱਤਾ ਸੰਭਾਲਣ ਤੋਂ ਬਾਅਦ 2 ਸਾਲ ਤਾਂ ਹਲਕਾ ਸਮਰਾਲਾ ਦੀਆਂ ਸੜਕਾਂ ਦਾ ਨਿਰਮਾਣ ਸ਼ੁਰੂ ਕਰਵਾਉਣਾ ਸਿਆਸੀ ਆਗੂਆਂ ਦੇ ਲਾਰਿਆਂ ਤੇ ਟੈਂਡਰ ਪ੍ਰਕਿਰਿਆ ’ਚ ਹੀ ਲੰਘ ਗਿਆ ਅਤੇ ਜਦੋਂ ਹੁਣ ਕੰਮ ਸ਼ੁਰੂ ਹੋਣ ਲੱਗੇ ਤਾਂ ਸਰਕਾਰ ਨੂੰ ਕਰੋਨਾ ਮਹਾਂਮਾਰੀ ਚਿੰਬੜ ਗਈ ਜੋ ਕਿ ਲੋਕਾਂ ਨੂੰ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਕਰ ਗਈ।
ਫਿਲਹਾਲ ਜਿਹੜੇ ਸੜਕਾਂ ਦੇ ਕੰਮ ਸ਼ੁਰੂ ਨਹੀਂ ਹੋਏ ਉਹ ਰੋਕ ਦਿੱਤੇ ਗਏ : ਐਕਸੀਅਨ
ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਆਦੇਸ਼ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਕਰੋੜ ਤੋਂ ਵੱਧ ਲਾਗਤ ਵਾਲੇ ਕੰਮ ਜੋ ਸ਼ੁਰੂ ਨਹੀਂ ਹੋਏ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਜਦੋਂ ਨਵੀਆਂ ਹਦਾਇਤਾਂ ਆਉਣਗੀਆਂ ਤਾਂ ਵਿਕਾਸ ਕਾਰਜ਼ ਸ਼ੁਰੂ ਹੋ ਜਾਣਗੇ। ਦੂਸਰੇ ਪਾਸੇ ਐਕਸ਼ੀਅਨ ਨੇ ਇਹ ਵੀ ਮੰਨਿਆ ਕਿ ਸਰਕਾਰ ਕੋਲ ਫੰਡਾਂ ਦੀ ਘਾਟ ਕਾਰਨ ਸਮਰਾਲਾ ਤੋਂ ਖੰਨਾ ਸੜਕ ਦਾ ਨਿਰਮਾਣ ਕਾਰਜ਼ ਠੇਕੇਦਾਰ ਵਲੋਂ ਕਰੀਬ 3 ਕਰੋੜ ਤੋਂ ਵੱਧ ਦੀ ਅਦਾਇਗੀ ਨਾ ਹੋਣ ਕਾਰਨ ਅੱਧਵਾਟੇ ਛੱਡਿਆ ਹੈ ਜੋ ਜਲਦ ਹੀ ਅਦਾਇਗੀ ਹੋਣ ਉਪਰੰਤ ਸ਼ੁਰੂ ਹੋ ਜਾਵੇਗਾ।