ਸਮਰਾਲਾ: ਪੁਲਸ ਨੇ ਹਸਪਤਾਲ ਸਟਾਫ ਨੂੰ ਡਿਊਟੀ ਜਾਣ ਤੋਂ ਰੋਕਿਆ, ਦਿੱਤੀ ਧਮਕੀ

Tuesday, Mar 24, 2020 - 11:46 AM (IST)

ਸਮਰਾਲਾ, (ਸੰਜੇ ਗਰਗ): ਭਾਵੇਂ ਸਰਕਾਰ ਵੱਲੋਂ ਕਰਫਿਊ ਦੌਰਾਨ ਐਮਰਜੈਂਸੀ ਅਤੇ ਸਿਹਤ ਸੇਵਾਵਾਂ ਨਿਭਾਉਣ 'ਚ ਜੁੱਟੇ ਸਟਾਫ ਨੂੰ ਡਿਊਟੀ 'ਤੇ ਜਾਣ ਦੀ ਛੋਟ ਦਿੱਤੀ ਹੋਈ ਹੈ, ਪਰ ਅੱਜ ਇਥੇ ਮਾਹੌਲ ਉਸ ਵੇਲੇ ਵਿਗੜਾ ਹੋਇਆ ਵਿਖਾਈ ਦਿੱਤਾ ਜਦੋਂ ਸ਼ਹਿਰ ਦੇ ਮੇਂਨ ਚੌਂਕ 'ਚ ਕੁਝ ਪੁਲਸ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਸਮਰਾਲਾ ਵਿਖੇ ਡਿਊਟੀ 'ਤੇ ਜਾ ਰਹੇ ਇਕ ਸਟਾਫ ਮੈਂਬਰ ਨਾਲ ਕਥਿਤ ਤੋਰ 'ਤੇ ਬਦਕਲਾਮੀ ਕਰਦੇ ਹੋਏ ਉਨਾਂ ਨੂੰ ਡਿਊਟੀ 'ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲਸ ਵਲੋਂ ਰੋਕੇ ਗਏ ਸਟਾਫ ਮੈਂਬਰ ਨੇ ਆਪਣੀ ਸਨਾਖਤ ਵੀ ਪੁਲਸ ਨੂੰ ਵਿਖਾਉਂਦੇ ਹੋਏ ਹਸਪਤਾਲ ਵਿਖੇ ਡਿਊਟੀ 'ਤੇ ਜਾਣ ਦੀ ਗੱਲ ਆਖੀ, ਪਰ ਫਿਰ ਵੀ ਪੁਲਸ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਰਹੀ। ਪੁਲਸ 'ਤੇ ਇਸ ਸਟਾਫ਼ ਮੈਂਬਰ ਨੇ ਕਥਿਤ ਤੌਰ 'ਤੇ ਇਹ ਵੀ ਦੋਸ਼ ਲਗਾਇਆ ਹੈ, ਕਿ ਅਸੀਂ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਕਰਨ ਲਈ ਜਾ ਰਹੇ ਹਾਂ ਅਤੇ ਤੋਂ ਪੁਲਸ ਨੇ ਉਨਾਂ ਨੂੰ ਡੰਡੇ ਮਾਰਨ ਤੱਕ ਦੀ ਧਮਕੀ ਦੇ ਦਿੱਤੀ।

PunjabKesari

ਮਾਮਲਾ ਵਿਗੜਦਾ ਵੇਖ ਪੁਲਸ ਵਲੋਂ ਰੋਕੇ ਸਟਾਫ ਮੈਂਬਰ ਨੇ ਇਸ ਦੀ ਜਾਣਕਾਰੀ ਹਸਪਤਾਲ ਵਿਚ ਹਾਜ਼ਰ ਆਪਣੇ ਬਾਕੀ ਸਟਾਫ਼ ਅਤੇ ਐੱਸ.ਐੱਮ.ਓ. ਨੂੰ ਦਿੱਤੀ। ਜਿਸ 'ਤੇ ਹਸਪਤਾਲ ਵਿਚ ਹਾਜ਼ਰ ਗੁੱਸੇ ਵਿਚ ਭੜਕਿਆ ਹੋਇਆ ਸਾਰਾ ਸਟਾਫ਼ ਮੇਨ ਚੌਂਕ ਵਿਚ ਪਹੁੰਚ ਗਿਆ ਅਤੇ ਪੁਲਸ ਵੱਲੋਂ ਰੋਕੇ ਆਪਣੇ ਸਾਥੀ ਨੂੰ ਛੁੱਡਵਾ ਕੇ ਹਸਪਤਾਲ ਲੈ ਕੇ ਆਇਆ।
ਓਧਰ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਸਮਰਾਲਾ ਦੀ ਐੱਸ.ਐੱਮ.ਓ. ਡਾ. ਗੀਤਾ ਕਟਿਆਰ ਨੇ ਜਗਬਾਣੀ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਜਿਵੇਂ ਹੀਉਨ੍ਹਾਂ ਦੇ ਸਟਾਫ ਮੈਂਬਰਾਂ ਨੂੰ ਪੁਲਸ ਵਲੋਂ ਰੋਕੇ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਤੁਰੰਤ ਡੀ.ਐੱਸ.ਪੀ. ਨੂੰ ਇਸ ਦੀ ਜਾਣਕਾਰੀ ਦਿੱਤੀ, ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਮਾਮਲਾ ਹੱਲ ਹੋ ਗਿਆ ਹੈ।

ਇਹ ਵੀ ਪੜ੍ਹੋ: ਮੋਗਾ 'ਚ ਦਵਾਈਆਂ ਦੇ ਲਈ ਸੋਰੀ ਪਰ ਸ਼ਰਾਬ ਲਈ ਖੋਲ੍ਹੀ ਚੋਰ ਮੋਰੀ

ਦੂਜੇ ਪਾਸੇ ਡੀ.ਐੱਸ.ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਵੀ ਅੱਜ ਚੌਂਕ 'ਚ ਮੈਡੀਕਲ ਸਟਾਫ ਨੂੰ ਰੋਕੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ ਦੀ ਗੱਲ ਕਰਦੇ ਹੋਏ ਕਿਹਾ ਕਿ ਪੁਲਸ ਮੁਲਾਜ਼ਮਾਂ ਨੇ ਤਾਂ ਸਨਾਖਤ ਪੁੱਛਣ ਲਈ ਹੀ ਇਨਾਂ ਨੂੰ ਰੋਕਿਆ ਸੀ ਅਤੇ ਉਥੇ ਆਪਸ ਵਿਚ ਇਨਾਂ ਦੀ ਮਾਮੂਲੀ ਬਹਿਸ ਵੀ ਹੋ ਗਈ। ਉਨ੍ਹਾਂ ਕਿਹਾ ਕਿ ਐੱਸ.ਐੱਮ.ਓ. ਵੱਲੋਂ ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਦੇਣ ਤੋਂ ਬਾਅਦ ਤੁਰੰਤ ਇਹ ਮਸਲਾ ਹੱਲ ਕਰ ਲਿਆ ਗਿਆ ਸੀ।ਓਧਰ ਐਮਰਜੈਂਸੀ ਸੇਵਾਵਾਂ ਨਿਭਾ ਰਹੇ ਸਿਵਲ ਹਸਪਤਾਲ ਦੇ ਸਟਾਫ ਨੇ ਪੁਲਸ ਦੇ ਵਿਵਹਾਰ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਪੁਲਸ ਉਨ੍ਹਾਂ ਨਾਲ ਇਸ ਤਰਾਂ ਹੀ ਪੇਸ਼ ਆਉਂਦੇ ਹੋਏ ਪ੍ਰੇਸ਼ਾਨ ਕਰੇਗੀ ਤਾਂ ਸਾਨੂੰ ਮਜਬੂਰਨ ਘਰ ਹੀ ਬੈਠਣਾ ਪਵੇਗਾ।


Shyna

Content Editor

Related News