ਸਮਰਾਲਾ ਵਾਸੀਆਂ ਨਾਲ ਕੈਪਟਨ ਦਾ ਵਾਅਦਾ ਵਫ਼ਾ ਨਾ ਹੋਇਆ ਅਤੇ ਹੁਣ ਚੰਨੀ ਤੋਂ ਆਸ

09/20/2021 3:38:49 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਾਛੀਵਾੜਾ ਦੀ ਇਤਿਹਾਸਕ ਧਰਤੀ ’ਤੇ ਖੜ੍ਹ ਕੇ ਹਲਕਾ ਸਮਰਾਲਾ ਦੇ ਲੋਕਾਂ ਨਾਲ ਕੀਤਾ ਵਾਅਦਾ ਸਾਢੇ 4 ਸਾਲ ਬਾਅਦ ਵੀ ਵਫ਼ਾ ਨਾ ਹੋਇਆ ਪਰ ਹੁਣ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਲੋਕਾਂ ਨੂੰ ਉਮੀਦ ਦੀ ਕਿਰਨ ਜਾਗਦੀ ਦਿਖਾਈ ਦੇ ਰਹੀ ਹੈ। ਪਿਛਲੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਥੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਆਏ ਸਨ, ਜਿਨ੍ਹਾਂ 27 ਜਨਵਰੀ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਵਿਚ ਹਲਕਾ ਸਮਰਾਲਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ’ਤੇ ਖੜ੍ਹ ਕੇ ਐਲਾਨ ਕਰਦੇ ਹਨ ਕਿ ਉਹ ਅਮਰੀਕ ਸਿੰਘ ਢਿੱਲੋਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਅਤੇ ਸੱਤਾ ਵਿਚ ਆਉਣ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਜ਼ਰੂਰ ਬਣਾਉਣਗੇ।

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਹਲਕਾ ਸਮਰਾਲਾ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਨੂੰ ਚੌਥੀ ਵਾਰ ਭਾਰੀ ਵੋਟਾਂ ਨਾਲ ਜਿਤਾਇਆ ਅਤੇ ਲੋਕਾਂ ਨੂੰ ਆਸ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਪਣਾ ਵਾਅਦਾ ਪੂਰਾ ਕਰ ਸਾਡੇ ਵਲੋਂ ਜਿਤਾਏ ਹੋਏ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾ ਝੰਡੀ ਵਾਲੀ ਕਾਰ ਜ਼ਰੂਰ ਦੇਣਗੇ। ਕੈਪਟਨ ਵਲੋਂ ਇਤਿਹਾਸਕ ਧਰਤੀ ’ਤੇ ਖੜ੍ਹ ਕੇ ਕੀਤਾ ਵਾਅਦਾ ਸਾਢੇ 4 ਸਾਲ ਵਿਚ ਪੂਰਾ ਨਾ ਕੀਤਾ ਅਤੇ ਹੋਰ ਕਈ ਕਮੀਆਂ ਕਾਰਨ ਅੱਜ ਉਨ੍ਹਾਂ ਦੀ ਪਾਰਟੀ ਹਾਈਕਮਾਨ ਨੇ ਮੁੱਖ ਮੰਤਰੀ ਅਹੁਦੇ ਤੋਂ ਲਾਂਭੇ ਕਰ ਅੱਜ ਨਵੇਂ ਮੁੱਖ ਮੰਤਰੀ ਦਾ ਤਾਜ ਚਰਨਜੀਤ ਸਿੰਘ ਚੰਨੀ ਸਿਰ ਸਜਾ ਦਿੱਤਾ। 27 ਜਨਵਰੀ 2017 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਵਾਅਦਾ ਕੀਤਾ ਸੀ ਕਿ ਉਹ ਕਾਂਗਰਸ ਸਰਕਾਰ ਆਉਣ ’ਤੇ ਨੈਸ਼ਨਲ ਕਾਲਜ ਫਾਰ ਵੂਮੈਨ ਨੂੰ ਸਰਕਾਰੀ ਦਰਜਾ ਦਿਵਾਉਣਗੇ।

ਬੇਸ਼ੱਕ ਸਰਕਾਰ ਤਾਂ ਬਣ ਗਈ ਪਰ ਸਾਢੇ 4 ਸਾਲ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਵਾਉਣ ਲਈ ਕਾਲਜ ਨੂੰ ਸਰਕਾਰੀ ਦਰਜਾ ਦਿਵਾਉਣ ਲਈ ਫਾਈਲਾਂ ਚੁੱਕ ਸਰਕਾਰੇ ਦਰਬਾਰੇ ਆਪ ਘੁੰਮਦੇ ਰਹੇ ਤਾਂ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਖੁੱਸਣ ਦੇ ਇੱਕ ਦਿਨ ਪਹਿਲਾਂ ਹੀ ਇਸ ਕਾਲਜ ਸਬੰਧੀ ਕੈਬਨਿਟ ਵਲੋਂ ਸਰਕਾਰੀ ਦਰਜਾ ਦੇਣ ਦੀ ਪ੍ਰਵਾਨਗੀ ਮਿਲੀ। ਹੁਣ ਪੰਜਾਬ ਵਿਚ ਕਾਂਗਰਸ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਗਿਆ ਹੈ ਜੋ ਕਿ ਹਲਕਾ ਸਮਰਾਲਾ ਦੀ ਹੱਦਾਂ ਨਾਲ ਲੱਗਦੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਨਾਲ ਸਬੰਧਿਤ ਹਨ।

ਹਲਕਾ ਸਮਰਾਲਾ ਦੇ ਲੋਕਾਂ ਨੂੰ ਆਸ ਹੈ ਕਿ ਮੁੱਖ ਮੰਤਰੀ ਸਾਡਾ ਗੁਆਂਢੀ ਹੈ, ਬੇਸ਼ੱਕ ਕੈਪਟਨ ਨੇ ਤਾਂ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਪਰ ਹੁਣ ਨਵੇਂ ਬਣੇ ਮੁੱਖ ਮੰਤਰੀ ਚੰਨੀ ਸਾਡੇ ਵਿਧਾਇਕ ਨੂੰ ਮੰਤਰੀ ਬਣਾ ਸਾਡੀਆਂ ਉਮੀਦਾਂ ’ਤੇ ਖ਼ਰਾ ਉਤਰਨ। ਪੰਜਾਬ ਸਰਕਾਰ ਵਿਚ ਨਵੀਂ ਕੈਬਨਿਟ ਦਾ ਗਠਨ ਹੋਣਾ ਹੈ ਅਤੇ ਲਗਾਤਾਰ 4 ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਜਿੱਥੇ ਪਾਰਟੀ ਵਿਚ ਸੀਨੀਅਰ ਹਨ ਉੱਥੇ ਉਹ ਕੈਬਨਿਟ ਮੰਤਰੀ ਬਣਨ ਦੇ ਯੋਗ ਵੀ ਹਨ ਇਸ ਲਈ ਹਲਕਾ ਸਮਰਾਲਾ ਦੇ ਲੋਕਾਂ ਦੀਆਂ ਨਜ਼ਰਾਂ ਹੁਣ ਕਾਂਗਰਸ ਹਾਈਕਮਾਨ ’ਤੇ ਟਿਕੀਆਂ ਹਨ ਕਿ ਸਾਡੇ ਹਲਕੇ ਦੇ ਲੋਕਾਂ ਨੂੰ ਵੀ ਝੰਡੀ ਵਾਲੀ ਕਾਰ ਨਸੀਬ ਹੋਵੇਗੀ?


Babita

Content Editor

Related News