ਪੰਜਾਬ ਦੀਆਂ ਮੰਡੀਆਂ ''ਚ ਜ਼ੋਰ-ਸ਼ੋਰ ਨਾਲ ਸ਼ੁਰੂ ਹੋਈ ਕਣਕ ਦੀ ਸਰਕਾਰੀ ਖ਼ਰੀਦ
Monday, Apr 12, 2021 - 01:50 PM (IST)
ਸਮਰਾਲਾ (ਗਰਗ) : ਕੇਂਦਰ ਸਰਕਾਰ ਦੇ ਕਿਸਾਨਾਂ ਨੂੰ ਇਸ ਵਾਰ ਸਿੱਧੀ ਅਦਾਇਗੀ ਕਰਨ ਦੇ ਫ਼ੈਸਲੇ ਦੇ ਭਾਰੀ ਵਿਰੋਧ ਦੇ ਬਾਵਜੂਦ ਆੜ੍ਹਤੀਆਂ ਵੱਲੋਂ ਆਪਣੀ ਹੜਤਾਲ ਵਾਪਸ ਲੈ ਲਈ ਗਈ। ਇਸ ਐਲਾਨ ਮਗਰੋਂ ਸੋਮਵਾਰ ਤੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ। ਅੱਜ ਇਥੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਸਮਰਾਲਾ ਅਨਾਜ ਮੰਡੀ ਸਮੇਤ ਫੋਕਲ ਪੁਆਇੰਟ ਮਹਿਦੂਦਾਂ ਅਤੇ ਅਨਾਜ ਮੰਡੀ ਮਾਛੀਵਾੜਾ ਵਿਖੇ ਪਹੁੰਚ ਕੇ ਕਣਕ ਦੀ ਸਰਕਾਰੀ ਖ਼ਰੀਦ ਦਾ ਰਸਮੀ ਉਦਘਾਟਨ ਕੀਤਾ।
ਇਸ ਮੌਕੇ ਕੋਰੋਨਾ ਬਿਮਾਰੀ ਨੂੰ ਵੇਖਦੇ ਹੋਏ ਸਮਰਾਲਾ ਮੰਡੀ ਅਧੀਨ ਬਣਾਏ ਗਏ ਵਾਧੂ ਸਾਰੇ ਹੀ ਨਵੇਂ ਖ਼ਰੀਦ ਕੇਂਦਰ 'ਤੇ ਵੀ ਫ਼ਸਲ ਦੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਢਿੱਲੋਂ ਨੇ ਕਿਸਾਨਾਂ ਅਤੇ ਆੜ੍ਹਤੀਆ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਫ਼ਸਲ ਖ਼ਰੀਦ ਦੇ ਵੱਡੇ ਪੱਧਰ 'ਤੇ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸੇ ਵੀ ਕਿਸਾਨ ਨੂੰ ਫ਼ਸਲ ਵੇਚਣ ਲਈ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਮੰਡੀਆਂ ਵਿੱਚ ਫ਼ਸਲ ਲੈ ਕੇ ਆਉਣ ਲਈ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਸਿਸਟਮ ਰਹੀ ਹਰ ਕਿਸਾਨ ਦੀ ਫ਼ਸਲ 3 ਘੰਟੇ ਅੰਦਰ ਖ਼ਰੀਦਣ ਦੇ ਪ੍ਰਬੰਧ ਕੀਤੇ ਗਏ ਹਨ। ਸ. ਢਿੱਲੋਂ ਨੇ ਆਖਿਆ ਕਿ ਖ਼ਰੀਦ ਕੀਤੀ ਫ਼ਸਲ ਦੀ ਪੇਮੈਂਟ 48 ਘੰਟੇ ਅੰਦਰ ਕਿਸਾਨਾਂ ਨੂੰ ਕੀਤੇ ਜਾਣਾ ਵੀ ਸਰਕਾਰ ਵੱਲੋਂ ਯਕੀਨੀ ਕੀਤਾ ਗਿਆ ਹੈ। ਇਸ ਮੌਕੇ ਮੰਡੀ ਦੇ ਆੜ੍ਹਤੀ, ਕਿਸਾਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।