ਸਮਰਾਲਾ : ਗੜੀ ਪੁਲ ਨੇੜੇ ਪਿਆ ਪਾੜ, ਮਾਲਵਾ-ਦੁਆਬੇ ਦਾ ਸੰਪਰਕ ਟੁੱਟਿਆ

Sunday, Aug 18, 2019 - 11:58 PM (IST)

ਸਮਰਾਲਾ : ਗੜੀ ਪੁਲ ਨੇੜੇ ਪਿਆ ਪਾੜ, ਮਾਲਵਾ-ਦੁਆਬੇ ਦਾ ਸੰਪਰਕ ਟੁੱਟਿਆ

ਸਮਰਾਲਾ(ਗਰਗ, ਗੁਰਪ੍ਰੀਤ)-ਭਾਰੀ ਮੀਂਹ ਅਤੇ ਭਾਖੜਾ ਡੈਮ ਤੋਂ ਛੱਡੇ ਪਾਣੀ ਨਾਲ ਸੂਬੇ ਦੇ ਅਨੇਕ ਇਲਾਕੇ ਹੜ ਦੀ ਮਾਰ ਹੇਠ ਆ ਚੁੱਕੇ ਹਨ। ਅੱਜ ਦੂਜੇ ਦਿਨ ਦੀ ਭਾਰੀ ਬਰਸਾਤ ਮਗਰੋਂ ਹਾਲਾਤ ਹੋਰ ਵੀ ਜ਼ਿਆਦਾ ਖ਼ਰਾਬ ਨਜ਼ਰ ਆ ਰਹੇ ਹਨ। ਸਤਲੁਜ ਦਰਿਆ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਿਆ ਹੈ ਅਤੇ ਆਸ-ਪਾਸ ਦੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਅੱਜ ਸ਼ਾਮ ਵੇਲੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਦੀ ਟੁੱਟ ਜਾਣ 'ਤੇ ਇਸ ਤਬਾਹੀ ਮਚਾ ਰਹੇ ਪਾਣੀ ਦੀ ਮਾਰ ਹੇਠ ਸਮਰਾਲਾ ਖੇਤਰ ਦੇ ਕਈ ਪਿੰਡ ਆ ਚੁੱਕੇ ਹਨ। ਦੇਰ ਰਾਤ ਪਿੰਡ ਊਰਨਾ ਵਿਖੇ ਪਾਣੀ 'ਚ ਘਿਰੇ ਲੋਕਾਂ ਵੱਲੋਂ ਆਪਣੇ ਬਚਾਓ ਲਈ ਗੜੀ ਪੁਲ ਦੇ ਨਜ਼ਦੀਕ ਸੜਕ 'ਤੇ ਪਾੜ ਪਾ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਟੁੱਟੀ ਇਕ ਨਦੀ ਦਾ ਪਾਣੀ ਭਾਰੀ ਮਾਤਰਾ 'ਚ ਪਿੰਡ ਊਰਨਾ ਦੇ ਖੇਤਾਂ 'ਚ ਜਮ੍ਹਾ ਹੋ ਗਿਆ ਸੀ। ਜਿਸ ਕਾਰਨ ਇਨਾਂ ਖੇਤਾਂ 'ਚ ਰਹਿੰਦੇ ਵਸਨੀਕ ਆਪਣੇ ਪਰਿਵਾਰਾਂ ਤੇ ਪਸ਼ੂਆਂ ਸਮੇਤ ਦੁਪਹਿਰ ਮੌਕੇ ਪਿੰਡ ਦੀ ਸੁਰੱਖਿਅਤ ਜਗ੍ਹਾ 'ਚ ਪਹੁੰਚ ਗਏ ਸਨ। ਪਿੰਡ ਊਰਨਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਜਮ੍ਹਾ ਹੋਏ ਪਾਣੀ ਦੀ ਨਿਕਾਸੀ ਨੂੰ ਨਾ ਦੇਖਦੇ ਹੋਏ ਉਨਾਂ ਵੱਲੋਂ ਜੇ.ਸੀ.ਬੀ. ਮਸ਼ੀਨ ਰਾਹੀਂ ਸੜਕ ਨੂੰ ਪੁੱਟ ਕੇ ਪਾਣੀ ਦੂਜੇ ਪਾਸੇ ਕੱਢਿਆ ਗਿਆ ਹੈ। ਇਨਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਨਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ, ਜਿਸ ਕਾਰਨ ਉਨਾਂ ਨੂੰ ਮਜ਼ਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ। ਸੜਕ 'ਤੇ ਪਏ ਇਸ ਪਾੜ ਕਾਰਨ ਖੰਨਾ-ਨਵਾਂ ਸ਼ਹਿਰ ਡਿਫੈਂਸ ਰੋਡ ਦਾ ਸੰਪਰਕ ਟੁੱਟ ਗਿਆ ਹੈ, ਜਿਸ ਕਾਰਨ ਇਸ ਸੜਕ ਤੋਂ ਗੁਜ਼ਰਨ ਵਾਲ਼ੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Karan Kumar

Content Editor

Related News