ਸਮੀਰ ਕਟਾਰੀਆ ਦੇ ਕਤਲ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

01/29/2024 2:32:25 PM

ਪਟਿਆਲਾ (ਬਲਜਿੰਦਰ) : ਸ਼ਨੀਵਾਰ ਰਾਤ ਨੂੰ ਪਾਸੀ ਰੋਡ ’ਤੇ ਬਜਰੰਗ ਦਲ ਦੇ ਆਗੂ ਸਮੀਰ ਕਟਾਰੀਆ ਦੇ ਕਤਲ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ ਕਤਲ ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੇ ਮ੍ਰਿਤਕ ਸਮੀਰ ਕਟਾਰੀਆ ਦੇ ਭਰਾ ਸ਼ਿਵਇੰਦਰ ਕਟਾਰੀਆ ਪੁੱਤਰ ਜਿੰਦਰ ਕਟਾਰੀਆ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ 302, 34 ਆਈ. ਪੀ. ਸੀ ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਥਾਣਾ ਸਿਵਲ ਲਾਈਨ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਮੌਕੇ ’ਤੇ ਮਿਲੇ ਮੋਬਾਈਲ ਅਤੇ ਗੋਲੀ ਦੇ ਖੋਲ ਦੇ ਅਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਆਸ ਪਾਸ ਦੇ ਇਲਾਕੇ ਦੀਆਂ ਸੀ. ਸੀ. ਟੀ. ਵੀ ਫੁਟੇਜ਼ ਵੀ ਕਬਜ਼ੇ ਵਿਚ ਲੈ ਲਈਆਂ ਹਨ। ਪੁਲਸ ਵੱਲੋਂ ਇਸ ਮਾਮਲੇ ਵਿਚ ਸਾਰੇ ਐਂਗਲਾਂ ਤੋਂ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਮਾਮਲੇ ਵਿਚ ਮਿਸਟਰੀ ਸਭ ਤੋਂ ਵੱਡੀ ਇਹ ਨਜ਼ਰ ਆ ਰਹੀ ਹੈ ਕਿ ਆਖਰ ਸਮੀਰ ਕਟਾਰੀਆ ਦਾ ਕਤਲ ਕਿਉਂ ਕੀਤਾ ਗਿਆ। ਕਿ ਇਹ ਨਿੱਜੀ ਰੰਜਿਸ਼ ਜਾਂ ਫਿਰ ਕਾਰੋਬਾਰੀ ਰੰਜਿਸ਼ ਸੀ ਜਾਂ ਫਿਰ ਹੋਰ ਕੋਈ ਕਾਰਨ ਸੀ। 

ਪੁਲਸ ਨੇ ਮੌਕੇ ’ਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਦੇ ਪਾਸੀ ਰੋਡ ’ਤੇ ਸ਼ਨੀਵਾਰ ਦੀ ਰਾਤ ਨੂੰ ਬਜਰੰਗ ਦਲ ਦੇ ਆਗੂ ਅਤੇ ਕਾਰੋਬਾਰੀ ਸਮੀਰ ਕਟਾਰੀਆ ਦਾ ਗਲ ’ਤੇ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਸਮੀਰ ਕਟਾਰੀਆ ਦੀ ਹੀ ਗੱਡੀ ਲੈ ਕੇ ਫਰਾਰ ਹੋ ਗਏ ਸਨ। ਜੋ ਗੱਡੀ ਕੁਝ ਦੂਰੀ ’ਤੇ ਹੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਹਮਲਾਵਰ ਗੱਡੀ ਮੌਕੇ ’ਤੇ ਛੱਡ ਕੇ ਫਰਾਰ ਹੋ ਗਏ ਸਨ। ਪੁਲਸ ਮਾਹੌਲ ਦੇ ਮੁਤਾਬਕ ਇਸ ਕਤਲ ਨੂੰ ਟਰੇਸ ਕਰਨਾ ਪੁਲਸ ਲਈ ਜ਼ਰੂਰੀ ਹੋ ਗਿਆ ਹੈ ਅਤੇ ਪੁਲਸ ਨੂੰ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਤੁਰੰਤ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।


Gurminder Singh

Content Editor

Related News