ਆਨਰ ਕਿਲਿੰਗ ਮਾਮਲਾ: 'ਕੋਈ ਹਿੰਮਤ ਦਿਖਾਉਂਦਾ ਤਾਂ ਜ਼ਿੰਦਾ ਹੁੰਦੀ ਮੇਰੀ ਪਤਨੀ'

07/18/2019 3:19:38 PM

ਸਮਾਣਾ (ਵੈਬ ਡੈਸਕ)—ਸਮਾਣਾ ਦੇ ਪਿੰਡ ਘਿਓਰਾ 'ਚ ਪਰਿਵਾਰ ਦੇ ਖਿਲਾਫ ਜਾ ਕੇ ਮਰਜ਼ੀ ਨਾਲ ਲਵ-ਮੈਰਿਜ  ਕਰਨ ਵਾਲੀ ਜੋਤੀ ਦੀ ਆਨਰ ਕਿੰਲਿਗ ਮਾਮਲੇ 'ਚ ਪਤੀ ਗੁਰਜੰਟ ਸਿੰਘ ਨੇ ਕਿਹਾ ਕਿ ਮੈਂ ਤਿੰਨ ਵਾਰ ਪੁਲਸ ਨੂੰ ਫੋਨ ਕੀਤਾ ਸੀ ਉਨ੍ਹਾਂ ਨੇ ਕੋਈ ਐਕਸ਼ਨ ਨਹੀਂ ਲਿਆ। ਜਦੋਂ ਜੋਤੀ ਦੇ ਪਰਿਵਾਰ ਵਾਲੇ ਉਸ ਨੂੰ ਮੇਰੇ ਘਰੋਂ ਲੈ ਕੇ ਜਾ ਰਹੇ ਸਨ ਤਾਂ ਪੰਚਾਇਤ ਨੇ ਵੀ ਕੋਈ ਕਦਮ ਨਹੀਂ ਚੁੱਕਿਆ। ਪੰਚਾਇਤ ਅਤੇ ਪੁਲਸ ਦੋਵਾਂ ਨੂੰ ਪਤਾ ਹੈ ਕਿ ਅਸੀਂ 2 ਮਹੀਨੇ ਪਹਿਲਾਂ ਵਿਆਹ ਕੀਤਾ ਸੀ। ਜੇਕਰ ਦੋਵੇਂ ਜ਼ਿੰਮੇਦਾਰ ਅਹੁਦਿਆਂ 'ਤੇ ਬੈਠੇ ਲੋਕਾਂ ਨੇ ਕੋਈ ਕਦਮ ਚੁੱਕਿਆ ਹੁੰਦਾ ਤਾਂ ਅੱਜ ਮੇਰੀ ਜੋਤੀ ਜ਼ਿੰਦਾ ਹੁੰਦੀ। 
ਗੁਰਜੰਟ ਨੇ ਦੱਸਿਆ ਕਿ 14 ਜੁਲਾਈ ਦੀ ਦੁਪਹਿਰ ਜੋਤੀ ਘਰ ਆਈ ਅਤੇ ਕਿਹਾ ਕਿ ਪਰਿਵਾਰ ਵਾਲੇ ਉਸ ਨੂੰ ਕੁੱਟਦੇ ਹਨ। ਕੁਝ ਦੇਰ 'ਚ ਪਰਿਵਾਰ ਵਾਲੇ ਉਸ ਨੂੰ ਲੈਣ ਪਹੁੰਚ ਗਏ। ਪਤੀ ਨੇ ਪੁਲਸ ਨੂੰ ਦੱਸਿਆ। ਚੰਡੀਗੜ੍ਹ 'ਚ ਆਨਲਾਈਨ ਪੁਲਸ ਨੂੰ ਦੱਸਿਆ ਅਤੇ ਸ਼ਾਮ 6 ਵਜੇ ਸਮਾਣਾ ਥਾਣੇ 'ਚ ਵੀ ਦੱਸਿਆ। ਗੁਹਾਰ ਲਗਾਉਣ 'ਤੇ ਪੁਲਸ ਜੋਤੀ ਦੇ ਘਰ ਗਈ ਅਤੇ ਕਿਹਾ ਕਿ ਸਭ ਠੀਕ ਹੈ। ਰਾਤ ਨੂੰ ਪਤਾ ਚੱਲਿਆ ਕਿ ਜੋਤੀ ਨੂੰ ਮਾਰਨ ਦੀ ਯੋਜਨਾ ਹੈ। ਪੁਲਸ ਨੂੰ ਫੋਨ ਕਰਕੇ ਦੱਸਿਆ ਪਰ ਪੁਲਸ ਨੇ ਕੋਈ ਐਕਸ਼ਨ ਨਹੀਂ ਲਿਆ।

ਮੇਰੇ ਤੋਂ ਦੂਰ ਕਰਨ ਲਈ ਜੋਤੀ ਨੂੰ ਪਰਿਵਾਰ ਨੇ ਭੇਜ ਦਿੱਤਾ ਸੀ ਓਮਾਨ
ਗੁਰਜੰਟ ਨੇ ਦੱਸਿਆ ਕਿ ਉਨ੍ਹਾਂ ਦਾ 6 ਸਾਲ ਤੋਂ ਅਫੇਅਰ ਸੀ। ਉਹ ਮੋਹਾਲੀ 'ਚ ਕੰਮ ਕਰਦਾ ਹੈ ਅਤੇ ਜੋਤੀ ਸਕੂਲ ਜਾਂਦੀ ਸੀ। ਜੋਤੀ ਦੇ ਪਰਿਵਾਰ ਨੂੰ ਭਣਕ ਲੱਗ ਗਈ ਸੀ। 2019 ਦੀ ਫਰਵਰੀ 'ਚ ਜੋਤੀ ਨੂੰ ਪਰਿਵਾਰ ਨੇ ਓਮਾਨ ਭੇਜ ਦਿੱਤਾ ਸੀ। ਉੱਥੇ ਸ਼ੇਖ ਪਰੇਸ਼ਾਨ ਕਰਨ ਲੱਗਾ ਤਾਂ ਉਸ ਨੂੰ ਵਾਪਸ ਇੰਡੀਆ ਲਿਆਉਣ ਨੂੰ ਏਜੰਟ ਨੂੰ 1 ਲੱਖ ਰੁਪਏ ਦਿੱਤੇ। ਅਪ੍ਰੈਲ 'ਚ ਜੋਤੀ ਆ ਗਈ। 19 ਮਈ ਨੂੰ ਉਨ੍ਹਾਂ ਨੇ ਖਰੜ ਦੇ ਗੁਰਦੁਆਰਾ ਸਾਹਿਬ 'ਚ ਵਿਆਹ ਕੀਤਾ ਅਤੇ ਇਕੱਠੇ ਰਹਿਣ ਲੱਗੇ। ਜਦੋਂ ਜੋਤੀ ਦੇ ਪਰਿਵਾਰ ਨੂੰ ਭਣਕ ਲੱਗੀ ਤਾਂ ਪਰਿਵਾਰ ਨੇ ਪੰਚਾਇਤ ਤੌਰ 'ਤੇ ਜ਼ਬਰਨ ਤਲਾਕ ਕਰਵਾ ਦਿੱਤਾ। ਫਿਰ ਉਹ ਆਪਣੇ ਕੰਮ 'ਤੇ ਮੋਹਾਲੀ ਚਲਾ ਗਿਆ। ਜੋਤੀ ਪਰਿਵਾਰ ਦੇ ਨਾਲ ਰਹਿਣ ਲੱਗੀ। ਪਰਿਵਾਰ ਵਾਲੇ ਜੋਤੀ ਨੂੰ ਮਾਰਨ ਦੀ ਧਮਕੀ ਦਿੰਦੇ ਸਨ। ਇਹ ਦੱਸਣ 14 ਜੁਲਾਈ ਨੂੰ ਉਸ ਦੇ ਘਰ ਆਈ ਸੀ। ਇਹ ਪਤਾ ਚੱਲਦੇ ਹੀ ਜੋਤੀ ਦੇ ਪਰਿਵਾਰ ਨੇ ਉਸ ਨੂੰ ਮਾਰ ਦਿੱਤਾ।

ਜੀਜਾ ਨੇ ਪਟਿਆਲਾ 'ਚ ਕਰਵਾਇਆ ਸੀ ਗਰਭਪਾਤ
ਵਿਦੇਸ਼ ਤੋਂ ਆਉਣ ਦੇ ਬਾਅਦ ਜੋਤੀ ਉਸ ਦੇ ਨਾਲ ਰਹੀ ਸੀ ਅਤੇ ਉਹ ਡੇਢ ਮਹੀਨੇ ਦੀ ਗਰਭਵਤੀ ਸੀ। ਇਸ 'ਤੇ ਉਸ ਦੇ ਪਰਿਵਾਰ ਨੇ ਉਸ ਨੂੰ ਪਟਿਆਲਾ 'ਚ ਰਹਿਣ ਵਾਲੀ ਉਸ ਦੀ ਭੈਣ ਦੇ ਕੋਲ ਭੇਜ ਦਿੱਤਾ। ਗੁਰਜੰਟ ਨੇ ਦੱਸਿਆ ਕਿ ਉੱਥੇ ਜੀਜੇ ਨੇ ਮੈਡੀਕਲ ਕਿੱਟ ਖੁਆ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਜੀਜਾ ਜੋਤੀ ਦਾ ਵਿਆਹ ਆਪਣੇ ਭਰਾ ਨਾਲ ਕਰਵਾਉਣਾ ਚਾਹੁੰਦਾ ਸੀ, ਪਰ ਜੋਤੀ ਵਿਆਹ ਲਈ ਤਿਆਰ ਨਹੀਂ ਸੀ।

ਪੁਲਸ ਨੇ ਕਿਹਾ ਕਿ ਸਾਨੂੰ ਨਹੀਂ ਦਿੱਤੀ ਗਈ ਸੀ ਸੂਚਨਾ
ਥਾਣਾ ਸਦਰ ਸਮਾਣਾ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਸ਼ਿਕਾਇਤ ਆਈ ਸੀ। ਇਸ 'ਤੇ ਜੋਤੀ ਦੇ ਪਿਤਾ ਅਤੇ ਭਰਾ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੂੰ ਜਾਣਕਾਰੀ ਦੇਣ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਸੀ। ਜੋਤੀ ਦੇ ਪਰਿਵਾਰ ਨੇ ਤਲਾਕ ਦੇ ਬਾਅਦ ਕਿਤੇ ਹੋਰ ਰਿਸ਼ਤਾ ਕਰ ਦਿੱਤਾ ਸੀ, ਪਰ ਉੱਥੇ ਵੀ ਜੋਤੀ ਨੇ ਤੋੜ ਦਿੱਤਾ ਸੀ। ਦੋਵਾਂ ਦੋਸ਼ੀਆਂ ਦਾ ਪੁਲਸ ਰਿਮਾਂਡ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿਛ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।


Shyna

Content Editor

Related News