ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਸਖੀ ਵਨ ਸਟਾਪ ਸੈਂਟਰ : ਡਾ. ਬਲਜੀਤ ਕੌਰ

Saturday, Sep 10, 2022 - 07:35 PM (IST)

ਚੰਡੀਗੜ੍ਹ (ਬਿਊਰੋ) : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਔਰਤਾਂ ਤੇ ਕੁੜੀਆਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ’ਚ ‘ਸਖੀ ਵਨ ਸਟਾਪ’ ਸੈਂਟਰ ਇਕ ਬਿਹਤਰੀਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ‘ਸਖੀ ਵਨ ਸਟਾਪ’ ਸੈਂਟਰ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਅਤੇ ਹੁਣ ਤੱਕ ਸੂਬੇ ਦੇ ਸੈਂਟਰਾਂ ’ਚ 10096 ਲੋੜਵੰਦ ਔਰਤਾਂ ਅਤੇ ਕੁੜੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਊਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ, ਹਿੰਸਾ, ਸ਼ੋਸ਼ਣ ਜਾਂ ਕਿਸੇ ਵੀ ਹੋਰ ਸਮੱਸਿਆ ਨਾਲ ਪ੍ਰਭਾਵਿਤ ਔਰਤਾਂ ਨੂੰ ਇਕੱਠੀਆਂ ਸੇਵਾਵਾਂ ਇਕ ਛੱਤ ਹੇਠ ਮੁਹੱਈਆ ਕਰਦਾ ਹੈ। ਇਨ੍ਹਾਂ ਸੇਵਾਵਾਂ ’ਚ ਡਾਕਟਰੀ ਸਹਾਇਤਾ, ਪੁਲਸ ਸਹਾਇਤਾ, ਕਾਨੂੰਨੀ ਸਹਾਇਤਾ, ਕਾਊਂਸਲਿੰਗ ਤੇ ਅਸਥਾਈ ਰਿਹਾਇਸ਼ ਆਦਿ ਦੀ ਸਹਾਇਤਾ ਜਿਹੀਆਂ ਸੇਵਾਵਾਂ ਸ਼ਾਮਿਲ ਹਨ।

ਇਹ ਵੀ ਪੜ੍ਹੋ : ਕੇਂਦਰ ਵੱਲੋਂ ਤਜਵੀਜ਼ ਰੱਦ ਕਰਨ ’ਤੇ ਬੋਲੇ CM ਮਾਨ, ਪੰਜਾਬ ਸਰਕਾਰ ਖ਼ੁਦ ਕਰੇਗੀ ਪਰਾਲੀ ਦਾ ਹੱਲ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ  ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ’ਚ 1503 ਔਰਤਾਂ ਨੂੰ ਮੈਡੀਕਲ ਸਹਾਇਤਾ ਅਤੇ 7986 ਨੂੰ ਕਾਊਂਸਲਿੰਗ, 5358 ਨੂੰ ਕਾਨੂੰਨੀ ਸਹਾਇਤਾ, 1020 ਨੂੰ ਅਸਥਾਈ ਸ਼ੈਲਟਰ ਦੀ ਸਹੂਲਤ ਤੇ 2988 ਨੂੰ ਪੁਲਸ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2022 ਤੋਂ ਹੁਣ ਤਕ 10096 ਕੇਸਾਂ ’ਚ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਔਰਤ ਵਰਗ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨਾ ਹੈ। ਸੈਂਟਰ ’ਚ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਅਤੇ ਕੁੜੀਆਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਦੇ ਪੁਨਰਵਾਸ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਸਖੀ ਵਨ ਸਟਾਪ ਸੈਂਟਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ’ਚ ਚੱਲ ਰਹੇ ਹਨ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਔਰਤ ਜਾਂ ਲੜਕੀ ਆਪਣੀ ਸਮੱਸਿਆ ਦੱਸਣ ਲਈ ਜ਼ਿਲ੍ਹਾ ਦਫ਼ਤਰਾਂ ਦੇ ਫੋਨ ਨੰਬਰ  ’ਤੇ ਸੰਪਰਕ ਕਰ ਸਕਦੀ ਹੈ। ਇਸ ਤੋਂ ਇਲਾਵਾ ਹਿੰਸਾ ਨਾਲ ਪੀੜਤ ਔਰਤਾਂ ਜਾਂ ਲੜਕੀਆਂ ਫੌਰੀ ਤੌਰ ’ਤੇ ਸਹਾਇਤਾ ਲੈਣ ਲਈ 181 ’ਤੇ ਸੰਪਰਕ ਕਰ ਸਕਦੀਆਂ ਹਨ।  


Manoj

Content Editor

Related News