ਸੱਜਣ ਦਾ ਹੁੱਕਾ-ਪਾਣੀ ਹੋਵੇਗਾ ਬੰਦ

Monday, Dec 31, 2018 - 06:29 PM (IST)

ਜਲੰਧਰ/ਨਵੀਂ ਦਿੱਲੀ (ਵੈੱਬ ਡੈਸਕ)— 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬੀਤੀ 17 ਦਸੰਬਰ ਨੂੰ ਦਿੱਲੀ ਹਾਈਕੋਰਟ ਵੱਲੋਂ ਮੌਤ ਤੱਕ ਜੇਲ 'ਚ ਰਹਿਣ ਦੀ ਸਜ਼ਾ ਸੁਣਾਈ ਗਈ। ਇਸ ਸਜ਼ਾ ਨਾਲ ਸੱਜਣ ਕੁਮਾਰ ਜਿੱਥੇ ਜ਼ਿੰਦਗੀ ਦੇ ਬਾਕੀ ਵਰ੍ਹੇ ਜੇਲ 'ਚ ਬਤੀਤ ਕਰੇਗਾ, ਉਥੇ ਹੀ ਉਸ ਨੂੰ ਸਰਕਾਰ ਵੱਲੋਂ ਐੱਮ. ਪੀ. ਦੇ ਤੌਰ ਦਿੱਤੀ ਜਾ ਰਹੀ ਪੈਨਸ਼ਨ ਅਤੇ ਹੋਰ ਭੱਤੇ ਵੀ ਪੂਰੀ ਤਰ੍ਹਾਂ ਬੰਦ ਹੋ ਜਾਣਗੇ। ਸੱਜਣ ਕੁਮਾਰ ਸਰਕਾਰੀ ਖਜਾਨੇ 'ਚੋਂ 25 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਅਤੇ ਹੋਰ ਕਈ ਕਿਸਮ ਦੇ ਭੱਤੇ ਲੈਂਦਾ ਸੀ। ਹੁਣ ਇਹ ਸਾਰੇ ਭੱਤੇ ਅਤੇ ਪੈਨਸ਼ਨ ਸਰਕਾਰ ਵੱਲੋਂ ਬੰਦ ਕਰ ਦਿੱਤੀ ਜਾਵੇਗੀ। 

ਜ਼ਿਕਰਯੋਗ ਹੈ ਕਿ 1984 ਕਤਲੇਆਮ ਦੇ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਅੱਜ ਦਿੱਲੀ ਦੀ ਕੜਕੜਡੂਮਾ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ। ਉਸ ਨੂੰ ਮੰਡੋਲੀ ਜੇਲ 'ਚ ਭੇਜਿਆ ਜਾਵੇਗਾ। ਦੰਗਿਆਂ 'ਚ ਦੋਸ਼ੀ ਕਰਾਰ ਦਿੱਤੇ ਗਏ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੇ ਵੀ ਇਸੇ ਅਦਾਲਤ 'ਚ ਆਤਮ-ਸਮਰਪਣ ਕੀਤਾ। ਦੋਹਾਂ ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਦਿੱਲੀ ਦੀ ਪਾਲਮ ਕਾਲੋਨੀ 'ਚ ਹੋਇਆ ਸੀ 5 ਸਿੱਖਾਂ ਦਾ ਕਤਲ
1984 'ਚ ਹੋਏ ਦੰਗਿਆਂ ਦੌਰਾਨ 1-2 ਨਵੰਬਰ ਨੂੰ ਦੱਖਣੀ-ਪੱਛਮੀ ਦਿੱਲੀ ਦੀ ਪਾਲਮ ਕਾਲੋਨੀ 'ਚ ਰਾਜ ਨਗਰ ਪਾਰਟ-1 ਖੇਤਰ 'ਚ 5 ਸਿੱਖਾਂ ਨੂੰ ਕਤਲ ਕਰ ਦੇਣ ਅਤੇ ਰਾਜ ਨਗਰ ਪਾਰਟ-2 'ਚ ਗੁਰਦੁਆਰੇ 'ਚ ਅੱਗ ਲਗਾਉਣ ਨਾਲ ਜੁੜਿਆ ਹੈ। ਦੱਸਣਯੋਗ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ, 1984 ਨੂੰ ਉਨ੍ਹਾਂ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਹੱਤਿਆ ਕੀਤੇ ਜਾਣ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਕੋਈ ਹਿੱਸਿਆਂ 'ਚ ਸਿੱਖ ਵਿਰੋਧੀ ਦੰਗੇ ਭੜਕੇ ਗਏ ਸਨ।


shivani attri

Content Editor

Related News