ਸਾਈਂ ਬਾਬਾ ਮੰਦਰ ਵਿਚ ਲੋਕਾਂ ਨੇ ਮੂਰਤੀ ਤੋੜਨ ਦੀ ਕੀਤੀ ਕੋਸ਼ਿਸ਼

Thursday, Aug 24, 2017 - 10:59 AM (IST)

ਸਾਈਂ ਬਾਬਾ ਮੰਦਰ ਵਿਚ ਲੋਕਾਂ ਨੇ ਮੂਰਤੀ ਤੋੜਨ ਦੀ ਕੀਤੀ ਕੋਸ਼ਿਸ਼

ਜਲੰਧਰ(ਕਮਲੇਸ਼)— ਸਾਈਂ ਬਾਬਾ ਮੰਦਰ ਮੁਹੱਲਾ ਗੋਬਿੰਦਗੜ੍ਹ ਸਥਿਤ ਸਾਈਂ ਬਾਬਾ ਮੰਦਰ ਵਿਚ ਕੁਝ ਲੋਕਾਂ ਨੇ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਗੱਲ ਦੀ ਜਾਣਕਾਰੀ ਸ਼੍ਰੀ ਸਾਈਂ ਰਾਮ ਸੇਵਾ ਪ੍ਰਬੰਧਕ ਕਮੇਟੀ ਨੇ ਦਿੱਤੀ।  ਉਨ੍ਹਾਂ ਦੱਸਿਆ ਕਿ ਮੰਦਰ ਦੀ ਸਥਾਪਨਾ 29 ਅਪ੍ਰੈਲ ਨੂੰ ਹੋਈ ਸੀ, ਉਸ ਤੋਂ ਬਾਅਦ ਰੋਜ਼ਾਨਾ ਮੁਹੱਲੇ ਦੇ ਬਾਹਰ ਕੁਝ ਲੋਕਾਂ ਨੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ 21 ਅਗਸਤ ਨੂੰ ਇਕ ਔਰਤ ਨੇ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਤੋਂ ਬਾਅਦ ਉਸ ਨੇ ਕੁਝ ਸ਼ਰਾਰਤੀ ਅਨਸਰਾਂ ਨੂੰ ਉਥੇ ਬੁਲਾ ਲਿਆ, ਜਿਨ੍ਹਾਂ ਨੇ ਮੰਦਰ ਵਿਚ ਮੂਰਤੀ ਤੋੜਨ ਦੀ ਕੋਸ਼ਿਸ਼ ਕੀਤੀ। 
ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਸਬੰਧ ਵਿਚ ਨਿਊ ਬਾਰਾਂਦਰੀ ਥਾਣੇ ਵਿਚ ਰਿਪੋਰਟ ਦੇ ਦਿੱਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਕਤ ਲੋਕ ਇਸ ਜਗ੍ਹਾ 'ਤੇ ਮੰਦਰ ਬਣਾਉਣ ਦੇ ਖਿਲਾਫ ਹਨ। ਉਨ੍ਹਾਂ ਦੀ ਮੰਗ ਹੈ ਕਿ ਡਰਾ ਧਮਕਾ ਕੇ ਮੰਦਰ ਬੰਦ ਕਰਵਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੰਦਰ ਕਮੇਟੀ ਮੰਦਰ ਦੀ ਰੱਖਿਆ ਲਈ ਦ੍ਰਿੜ ਸੰਕਲਪ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ।


Related News