ਕਿਸਾਨਾਂ ਨੇ ਫੂਕੀ ਮੋਦੀ ਸਰਕਾਰ ਦੀ ਅਰਥੀ
Sunday, Oct 22, 2017 - 04:24 PM (IST)
ਮਾਨਸਾ (ਕੁਲਜੀਤ ਸਿੰਘ) - ਕੇਂਦਰ ਸਰਕਾਰ ਵੱਲੋਂ ਕਿਸਾਨ ਦੇ ਟਰੈਕਟਰ ਟਰਾਲੀ 'ਤੇ ਲਾਏ ਨਵੇਂ ਟੈਕਸ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡਾਂ 'ਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਮਾਨਸਾ ਦੇ ਪਿੰਡ ਭੇਣੀਬਾਘਾ 'ਚ ਅਰਥੀ ਫੂਕਣ ਤੋਂ ਬਾਅਦ ਕਿਸਾਨਾਂ ਨੇ ਐਲਾਨ ਕੀਤਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਉਹ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਕੱਤਰ ਹੋਏ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਮੋਦੀ ਸਰਕਾਰ ਵੱਲੋਂ ਟਰੈਕਟਰਾਂ ਨੂੰ ਟੈਕਸ ਦੇ ਘੇਰੇ 'ਚ ਲਿਆਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਪਿੰਡਾਂ 'ਚ ਅਰਥੀ ਫੂਕ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਹਨ। ਪਿੰਡ ਭੈਣੀਬਾਘਾ ਅਤੇ ਰਾਮਾਨੰਦੀ ਸਮੇਤ ਕਾਫੀ ਹੋਰ ਪਿੰਡਾਂ 'ਚ ਕਿਸਾਨਾਂ ਨੇ ਮੋਦੀ ਸਰਕਾਰ ਦੀ ਅਰਥੀ ਫੂਕੀ ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਧਾਅਵੇ ਕਰਨ ਵਾਲੀ ਮੋਦੀ ਸਰਕਾਰ ਨੇ ਟਰੈਕਟਰਾਂ 'ਤੇ ਟੈਕਸ ਲਗਾ ਕੇ ਕਿਸਾਨਾਂ 'ਤੇ ਵਾਧੂ ਬੋਝ ਪਾਇਆ ਹੈ। ਹੁਣ ਕਿਸਾਨਾਂ 'ਤੇ ਟੈਕਸ ਲਗਾਉਣ ਦੀ ਜੋ ਤਜਵੀਜ ਬਣਾ ਰਹੇ ਹਨ ਉਸਦਾ ਮੋਦੀ ਸਰਕਾਰ ਦੇ ਪੁੱਤਲੇ ਫੂਕ ਕੇ ਵਿਰੋਧ ਕਰ ਰਹੇ ਹਾਂ ਤੇ ਇਹ ਫੈਸਲਾ ਕਿਸੇ ਵੀ ਹਾਲਤ 'ਚ ਲਾਗੂ ਨਹੀਂ ਹੋਣ ਦੇਵਾਂਗੇ।
