ਅਕਾਲੀ ਆਗੂਆਂ ਦਾ ਧਰਨਾ ਸਿਰਫ ਸਿਆਸੀ ਸਟੰਟ : ਧਰਮਸੌਤ

Friday, Nov 16, 2018 - 09:47 AM (IST)

ਅਕਾਲੀ ਆਗੂਆਂ ਦਾ ਧਰਨਾ ਸਿਰਫ ਸਿਆਸੀ ਸਟੰਟ : ਧਰਮਸੌਤ

ਚੰਡੀਗੜ੍ਹ (ਕਮਲ) : ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਨੁਸੂਚਿਤ ਜਾਤੀ ਵਿਦਿਆਰਥੀਆਂ ਨੂੰ ਮਿਲਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ  'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਜਲੰਧਰ 'ਚ ਲਾਇਆ ਗਿਆ ਧਰਨਾ ਸਿਰਫ ਸਿਆਸੀ ਸਟੰਟ ਹੈ, ਜਿਨ੍ਹਾਂ ਲੋਕਾਂ ਦੀ ਪ੍ਰਸ਼ਾਸਨਿਕ ਅਣਗਹਿਲੀ ਕਾਰਨ ਪੋਸਟ ਮੈਟ੍ਰਿਕ ਸਕਾਲਰਸ਼ਿਪ 'ਚ ਘਪਲੇ ਹੋਏ ਹਨ, ਉਹੀ ਹੁਣ ਦਲਿਤ ਪੱਖੀ ਹੋਣ ਦਾ ਢੌਂਗ ਰਚ ਰਹੇ ਹਨ ਅਤੇ ਬਾਦਲਾਂ ਵਲੋਂ ਬੀਜੇ ਕੰਡੇ ਹੀ ਹੁਣ ਕੈਪਟਨ ਸਰਕਾਰ ਨੂੰ ਚੁਗਣੇ ਪੈ ਰਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ ਲਈ ਕੈਪਟਨ ਸਰਕਾਰ ਨੇ ਪਿਛਲੇ ਕੁਝ ਸਾਲਾਂ ਦੌਰਾਨ ਜਾਰੀ ਕੀਤੀ ਸਕਾਲਰਸ਼ਿਪ ਰਾਸ਼ੀ ਦਾ ਆਡਿਟ ਕਰਾਉਣ ਦਾ ਫੈਸਲਾ ਕੀਤਾ ਸੀ। ਪ੍ਰਾਈਵੇਟ ਸਿੱਖਿਆ ਸੰਸਥਾਵਾਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਬੰਧੀ ਕੀਤੇ ਜਾ ਰਹੇ ਆਡਿਟ 'ਚ ਹੁਣ ਤੱਕ 460 ਕਰੋੜ ਰੁਪਏ ਦੀ ਰਾਸ਼ੀ ਇਤਰਾਜ਼ਯੋਗ ਪਾਈ ਗਈ ਹੈ।  ਉਨ੍ਹਾਂ ਅਕਾਲੀ ਆਗੂਆਂ ਵਲੋਂ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾ ਕਰਨ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਵਲੋਂ ਪਿਛਲੇ ਲਗਭਗ ਦੋ ਸਾਲਾਂ  ਦੌਰਾਨ 203 ਕਰੋੜ ਰੁਪਏ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। 1663.47 ਕਰੋੜ ਰੁਪਏ ਦੀ ਰਾਸ਼ੀ ਕੇਂਦਰ ਸਰਕਾਰ ਵਲ ਬਕਾਇਆ ਹੈ। ਇਸ ਕਰਕੇ ਬਾਦਲਾਂ ਨੂੰ ਇਥੇ ਡਰਾਮੇ ਕਰਨ ਦੀ ਬਜਾਏ ਦਿੱਲੀ ਜਾ ਕੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਧਰਨਾ ਦੇਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ 978 ਸਿੱਖਿਆ ਸੰਸਥਾਵਾਂ ਨੂੰ 88 ਕਰੋੜ ਰੁਪਏ ਦੀ ਰਾਸ਼ੀ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਭੁਗਤਾਨ ਕਰ ਦਿੱਤਾ ਗਿਆ ਹੈ। ਤਕਨੀਕੀ ਸਿੱਖਿਆ ਵਿਭਾਗ ਦੀਆਂ 302 ਸੰਸਥਾਵਾਂ ਨੂੰ 171 ਕਰੋੜ ਰੁਪਏ ਦੀ ਅਦਾਇਗੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਬਿਲ ਖ਼ਜ਼ਾਨਾ ਦਫ਼ਤਰ ਵਿਖੇ ਜ਼ਮ੍ਹਾ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੀ ਸਰਕਾਰ ਨੇ ਆਪਣੇ ਕਾਰਜਕਾਲ ਸਮੇਂ ਸੁਹਿਰਦਤਾ ਵਿਖਾਈ ਹੁੰਦੀ ਤਾਂ ਅੱਜ ਦਲਿਤ ਵਿਦਿਆਰਥੀਆਂ ਨੂੰ ਖੱਜਲ-ਖੁਆਰ ਨਾ ਹੋਣਾ ਪੈਂਦਾ।


author

Babita

Content Editor

Related News