ਮੰਤਰੀ ਧਰਮਸੋਤ ਦੀ ਰਾਸ਼ਟਰਪਤੀ ਨੂੰ ਖ਼ਾਸ ਅਪੀਲ, ਅਕਾਲੀ ਦਲ ''ਤੇ ਲਾਏ ਰਗੜੇ

09/21/2020 1:13:30 PM

ਨਾਭਾ (ਰਾਹੁਲ) : ਰਾਜ ਸਭਾ 'ਚ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸੜਕਾਂ 'ਤੇ ਉਤਰ ਆਏ ਅਤੇ ਪਟਿਆਲਾ ਗੇਟ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਮਸੋਤ ਨੇ ਰਾਸ਼ਟਰਪਤੀ ਨੂੰ ਕਿਸਾਨ ਵਿਰੋਧੀ ਬਿੱਲ 'ਤੇ ਦਸਤਖ਼ਤ ਨਾ ਕਰਨ ਦੀ ਹੱਥ ਜੋੜ ਕੇ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਇੱਕ ਦਲਿਤ ਚਿਹਰਾ ਹੈ, ਇਸ ਲਈ ਉਹ ਕਿਸਾਨਾਂ ਦੇ ਦੁੱਖ ਨੂੰ ਸਮਝਣ ਅਤੇ ਦਸਤਖ਼ਤ ਨਾ ਕਰਨ।

ਸ਼੍ਰੋਮਣੀ ਅਕਾਲੀ ਦਲ 'ਤੇ ਵਾਰ ਕਰਦਿਆਂ ਧਰਮਸੋਤ ਨੇ ਕਿਹਾ ਕਿ ਪਹਿਲਾਂ ਉਹ ਭਾਜਪਾ ਨਾਲ ਨਾਤਾ ਤੋੜਨ, ਫਿਰ ਜੇਲ੍ਹ ਭਰੋ ਅੰਦੋਲਨ ਦੀਆਂ ਗੱਲਾਂ ਕਰਨ। ਧਰਮਸੋਤ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਬੇਰੁਜ਼ਗਾਰੀ 'ਚ ਵਾਧਾ ਹੋਵੇਗਾ, ਕਿਸਾਨ,ਆੜ੍ਹਤੀਆ ਅਤੇ ਮਜ਼ਦੂਰ ਬਰਬਾਦ ਹੋ ਜਾਵੇਗਾ। ਮੁੱਖ ਮੰਤਰੀ ਪੰਜਾਬ ਵੱਲੋਂ ਅਦਾਲਤ 'ਚ ਬਿੱਲ ਨੂੰ ਚੈਲੰਜ ਕਰਨ ਦੇ ਸਮਰਥਨ 'ਚ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜ੍ਹੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਰਸਿਮਰਤ ਕੌਰ ਦੇ ਅਸਤੀਫ਼ੇ ਨੂੰ ਇਤਿਹਾਸਕ ਦੱਸਣ 'ਤੇ ਪਲਟਵਾਰ ਕਰਦਿਆਂ ਧਰਮਸੋਤ ਨੇ ਕਿਹਾ ਕਿ ਜਦੋਂ ਕਿਸਾਨ ਬਾਦਲ ਦੀ ਕੋਠੀ ਦੇ ਬਾਹਰ ਇਕੱਠੇ ਹੋਣ ਲੱਗ ਗਏ ਤਾਂ ਇਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ।


Babita

Content Editor

Related News