ਧਰਮਸੋਤ ਨੇ ਬੀਬੀ ਬਾਦਲ ਦੇ ਅਸਤੀਫ਼ੇ ਨੂੰ ਦੱਸਿਆ 'ਡਰਾਮਾ', ਅਕਾਲੀ ਦਲ 'ਤੇ ਜੰਮ ਕੇ ਵਰ੍ਹੇ

09/20/2020 11:39:05 AM

ਨਾਭਾ (ਖੁਰਾਣਾ/ਭੂਪਾ) : ਖੇਤੀਬਾੜੀ ਆਰਡੀਨੈੱਸ ਬਿੱਲ ਨੂੰ ਲੈ ਜਿੱਥੇ ਸਿਆਸਤ ਲਗਾਤਾਰ ਭੱਖਦੀ ਜਾ ਰਹੀ ਹੈ, ਉੱਥੇ ਹੀ ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਕਾਲੀ ਦਲ ਅਤੇ ਭਾਜਪਾ 'ਤੇ ਸ਼ਬਦੀ ਵਾਰ ਕੀਤੇ ਅਤੇ ਧਰਮਸੋਤ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਮਸੋਤ ਨਾਭਾ ਵਿਖੇ ਯੂਥ ਕਾਂਗਰਸ ਵੱਲੋਂ ਦਿੱਲੀ ਵਿਖੇ ਆਰਡੀਨੈੱਸ ਬਿੱਲ ਦੇ ਵਿਰੋਧ 'ਚ ਨਾਭਾ ਯੂਥ ਕਾਂਗਰਸ ਦੇ ਪ੍ਰਧਾਨ ਹਰਜਿੰਦਰ ਸਿੰਘ ਜਿੰਦਰੀ ਦੇ ਵੱਲੋਂ 100 ਦੇ ਕਰੀਬ ਟਰੈਕਟਰਾ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਰਵਾਨਾ ਕੀਤਾ।

ਇਸ ਮੌਕੇ 'ਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਆਰਡੀਨੈੱਸ ਬਿੱਲ ਕਿਸਾਨਾਂ ਨੂੰ ਤਬਾਹ ਕਰਕੇ ਰੱਖ ਦੇਵੇਗਾ ਅਤੇ ਜੋ ਮੋਦੀ ਸਰਕਾਰ ਨੇ ਫ਼ੈਸਲਾ ਲਿਆ ਹੈ, ਇਹ ਬਹੁਤ ਹੀ ਮੰਦਭਾਗਾ ਹੈ ਅਤੇ ਇਹ ਵੱਡੇ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨੀ ਨੂੰ ਤਬਾਹ ਕਰਨ 'ਤੇ ਲੱਗਾ ਹੋਇਆ ਹੈ। ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਅਕਾਲੀ ਦਲ, ਭਾਜਪਾ ਨਾਲੋਂ ਨਾਤਾ ਤੋੜੇ, ਇਹ ਸਿਰਫ ਡਰਾਮਾ ਕਰ ਰਹੇ ਹਨ ਕਿਉਂਕਿ ਜਦੋਂ ਦੀ ਕਿਸਾਨਾਂ ਨੇ ਬਾਦਲਾਂ ਦੀ ਕੋਠੀ ਦਾ ਘਿਰਾਓ ਕੀਤਾ ਹੈ, ਉਸ ਨੂੰ ਵੇਖਦੇ ਹੋਏ ਇਨ੍ਹਾਂ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ।

ਧਰਮਸੋਤ ਨੇ ਕਿਹਾ ਕਿ ਪੰਜਾਬ ਦਾ ਕਿਸਾਨ 90 ਫ਼ੀਸਦੀ ਦੇਸ਼ ਦਾ ਢਿੱਡ ਭਰਦਾ ਹੈ ਅਤੇ ਪੰਜਾਬ ਦੇ ਕਿਸਾਨਾਂ  ਨੇ ਵੱਖ-ਵੱਖ ਸੂਬਿਆਂ 'ਚ ਜਾ ਕੇ ਖੇਤੀ ਕਰਨ ਦੇ ਢੰਗ ਦੱਸੇ ਅਤੇ ਉਹ ਅੱਜ ਸੂਬੇ ਖੇਤੀ ਕਰ ਰਹੇ ਹਨ। ਮੈਂਬਰ ਪਾਰਲੀਮੈਂਟ ਅਤੇ ਫਿਲਮ ਸਟਾਰ ਸਨੀ ਦਿਓਲ ਵੱਲੋਂ ਆਰਡੀਨੈੱਸ ਬਿੱਲ ਦਾ ਸੁਆਗਤ ਕੀਤੇ ਜਾਣ 'ਤੇ ਧਰਮਸੋਤ ਨੇ ਜਵਾਬ ਦਿੰਦੇ ਕਿਹਾ ਕਿ ਸੰਨੀ ਦਿਓਲ ਵਧੀਆ ਫਿਲਮੀ ਸਟਾਰ ਹਨ, ਪਰ ਉਨ੍ਹਾਂ ਨੂੰ ਖੇਤੀਬਾੜੀ ਬਾਰੇ ਕੁੱਝ ਵੀ ਨਹੀਂ ਪਤਾ।

ਇਸ ਮੌਕੇ 'ਤੇ ਨਾਭਾ ਯੂਥ ਕਾਂਗਰਸ ਦੇ ਪ੍ਰਧਾਨ ਹਰਜਿੰਦਰ ਸਿੰਘ ਜਿੰਦਰੀ ਨੇ ਕਿਹਾ ਕਿ ਅਸੀਂ ਅੱਜ ਆਰਡੀਨੈਂਸ ਬਿੱਲ ਦੇ ਵਿਰੋਧ 'ਚ ਅਤੇ ਕਿਸਾਨਾਂ ਦੇ ਹੱਕ 'ਚ ਸ਼ਾਮਲ ਹੋਣ ਲਈ ਟਰੈਕਟਰ ਰੈਲੀ ਲੈ ਕੇ ਦਿੱਲੀ ਜਾ ਰਹੇ ਹਾਂ ਅਤੇ ਅਸੀਂ ਦਿੱਲੀ 'ਚ ਮੋਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਾਂਗੇ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਨਾਭਾ ਯੂਥ ਕਾਂਗਰਸ ਦੇ ਪ੍ਰਧਾਨ ਹਰਜਿੰਦਰ ਸਿੰਘ ਜ਼ਿੰਦਗੀ, ਧਰਮਸੋਤ ਦੇ ਪੀ.ਏ.ਚਰਨਜੀਤ ਬਾਤਿਸ਼, ਜਗਦੀਪ ਚੱਠਾ, ਬਿੱਲਾ ਖੋਖ, ਸੁੱਖਚੈਨ ਸਿੰਘ ਸਹੌਲੀ, ਤੋਂ ਇਲਾਵਾ ਨਾਭਾ ਯੂਥ ਕਾਂਗਰਸ ਦੇ ਵਰਕਰ ਭਾਰੀ ਗਿਣਤੀ 'ਚ ਮੌਜੂਦ ਸਨ।


 


Babita

Content Editor

Related News