ਕੈਪਟਨ ਅਮਰਿੰਦਰ ਸਿੰਘ ਵਲੋਂ 85ਵੀਂ ਸੋਧ ਦਾ ਨਿਬੇੜਾ ਜਲਦ : ਧਰਮਸੌਤ

Monday, Jan 21, 2019 - 11:55 AM (IST)

ਕੈਪਟਨ ਅਮਰਿੰਦਰ ਸਿੰਘ ਵਲੋਂ 85ਵੀਂ ਸੋਧ ਦਾ ਨਿਬੇੜਾ ਜਲਦ : ਧਰਮਸੌਤ

ਚੰਡੀਗੜ੍ਹ (ਕਮਲ) : ਪੰਜਾਬ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਖੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 85ਵੀਂ ਸੋਧ ਦਾ ਨਿਬੇੜਾ ਜਲਦੀ ਹੀ ਕੀਤਾ ਜਾ ਰਿਹਾ ਹੈ, ਜਿਸ ਨਾਲ ਦਲਿਤ  ਭਾਈਚਾਰੇ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ  ਕਿਹਾ ਕਿ  ਅਜਿਹਾ ਕਰਕੇ ਮੁੱਖ ਮੰਤਰੀ ਨੇ ਦਲਿਤ ਭਾਈਚਾਰੇ ਦਾ ਮਨ ਜਿੱਤ ਲਿਆ ਹੈ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ,  ਮੋਦੀ ਸਰਕਾਰ ਦੇ ਸ਼ਾਸਨਕਾਲ ਦੌਰਾਨ ਦਲਿਤਾਂ 'ਤੇ ਵਧਦੇ ਅੱਤਿਆਚਾਰਾਂ ਨੂੰ ਲੈ ਕੇ ਬਹੁਤ ਚਿੰਤਤ ਹਨ ਕਿਉਂਕਿ ਦਲਿਤ ਭਾਈਚਾਰਾ ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ ਅਤੇ ਡਾ. ਭੀਮ ਰਾਓ ਅੰਬੇਦਕਰ ਨੂੰ ਸੰਵਿਧਾਨ ਦਾ ਨਿਰਮਾਤਾ ਥਾਪਿਆ ਗਿਆ ਸੀ ਜਿਨ੍ਹਾਂ ਨੇ ਗਰੀਬ ਅਤੇ ਦਲਿਤ ਵਰਗ ਦੇ ਹਿੱਤਾਂ ਦੀ ਰੱਖਿਆ ਵਾਸਤੇ ਸੰਵਿਧਾਨ 'ਚ ਵਿਸ਼ੇਸ਼ ਥਾਂ ਰੱਖੀ।

ਠੀਕ ਇਸੇ ਤਰ੍ਹਾਂ 85ਵੀਂ ਸੋਧ ਨਾਲ ਦਲਿਤਾਂ ਦਾ ਵੱਡਾ ਮਸਲਾ ਹੱਲ ਹੋ ਜਾਵੇਗਾ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਜਰੀਵਾਲ ਵਲੋਂ ਬਰਨਾਲਾ ਰੈਲੀ ਦੌਰਾਨ ਪੰਜਾਬ 'ਚ ਪਛੜੇ ਵਰਗ ਦੇ ਦੁਖੀ ਹੋਣ ਸਬੰਧੀ ਕੋਰਾ ਝੂਠ ਬੋਲਿਆ ਗਿਆ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਦਲਿਤਾਂ ਨੂੰ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। 
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਦਲਿਤ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹਨ। ਉਨ੍ਹਾਂ ਕੇਜਰੀਵਾਲ ਵਲੋਂ ਪੰਜਾਬ ਸਰਕਾਰ ਵਲੋਂ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ਼ ਨਾ ਕੀਤੇ ਜਾਣ ਅਤੇ ਇਕ ਵੀ ਨੌਜਵਾਨ ਨੂੰ ਨੌਕਰੀ ਨਾ ਦੇਣ ਸਬੰਧੀ ਦਿੱਤੇ ਭਾਸ਼ਣ ਨੂੰ ਗਿਆਨ ਦੀ ਘਾਟ ਅਤੇ ਝੂਠ ਦਾ ਪੁਲੰਦਾ ਦੱਸਿਆ। ਉਨ੍ਹਾਂ  ਦੱਸਿਆ ਕਿ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹਾਲ ਹੀ 'ਚ 1 ਲੱਖ 24 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਦੋ ਏਕੜ ਵਾਲੇ ਲੱਖਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਚੁੱਕਾ ਹੈ।


author

Babita

Content Editor

Related News