ਕਾਂਗਰਸ ਵਲੋਂ ਬਾਦਲ ਦੀ ਸਰਕਾਰ ''ਤੇ ਲਾਏ ਦੋਸ਼ ਸਹੀ ਹਨ : ਧਰਮਸੌਤ

Monday, Dec 10, 2018 - 10:14 AM (IST)

ਕਾਂਗਰਸ ਵਲੋਂ ਬਾਦਲ ਦੀ ਸਰਕਾਰ ''ਤੇ ਲਾਏ ਦੋਸ਼ ਸਹੀ ਹਨ : ਧਰਮਸੌਤ

ਜਲੰਧਰ (ਚੋਪੜਾ) - ਬਾਦਲ ਸਰਕਾਰ ਦੇ ਸਮੇਂ ਹੋਏ ਬਰਗਾੜੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰਨਾਂ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਵਰਗੇ ਕੰਮ 7 ਜਨਮਾਂ ਤੱਕ ਮੁਆਫ ਨਹੀਂ ਹੋਣਗੇ। ਉਕਤ ਸ਼ਬਦ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਆਪਣੇ ਕੀਤੇ ਕੰਮਾਂ ਦੀ ਭੁੱਲ ਬਖਸ਼ਾਉਣ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਕਾਂਗਰਸ ਵਲੋਂ ਬਾਦਲ ਦੀ ਸਰਕਾਰ 'ਤੇ ਜੋ ਦੋਸ਼ ਲਾਏ ਜਾ ਰਹੇ ਸਨ, ਉਹ ਠੀਕ ਹਨ। ਬਾਦਲ ਪਰਿਵਾਰ ਨੂੰ ਸਿਆਸੀ ਡਰਾਮੇਬਾਜ਼ੀ ਨਹੀਂ ਕਰਨੀ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਸਿਆਸਤ ਤੋਂ ਸੰਨਿਆਸ ਲੈ ਕੇ ਆਪਣੇ ਕੰਮਾਂ ਦਾ ਪਛਤਾਵਾ ਕਰਨਾ ਚਾਹੀਦਾ ਹੈ। ਜੋੜੇ ਸਾਫ ਕਰਨ ਤੋਂ ਬਾਅਦ ਵੀ ਜੇ ਸਿਆਸੀ ਰੋਟੀਆਂ ਸੇਕਣੀਆਂ ਹਨ ਤਾਂ ਇਹ ਗੁਰੂ ਸਾਹਿਬਾਨ ਅਤੇ ਸੂਬੇ ਦੇ ਲੋਕਾਂ ਨੂੰ ਧੋਖਾ ਦੇਣਾ ਹੋਵੇਗਾ।

ਧਰਮਸੌਤ ਨੇ ਕਿਹਾ ਕਿ ਦਲਿਤ ਭਾਈਚਾਰੇ ਨੂੰ ਬਿਜਲੀ ਦੀ ਸਬਸਿਡੀ ਅਤੇ ਭਾਰੀ ਬਿੱਲਾਂ ਦਾ ਮਾਮਲਾ ਪੰਜਾਬ ਮੰਤਰੀ ਮੰਡਲ 'ਚ ਰੱਖਿਆ ਗਿਆ ਹੈ, ਜਿਸ ਨੂੰ ਜਲਦੀ ਲਾਗੂ ਕਰ ਦਿੱਤਾ ਜਾਵੇਗਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਨੂੰ ਪਸੰਦ ਕਰਕੇ ਸੂਬੇ ਦੇ ਲੋਕਾਂ ਨੇ ਗੁਰਦਾਸਪੁਰ ਤੇ ਸ਼ਾਹਕੋਟ ਦੀਆਂ ਉਪ ਚੋਣਾਂ, ਨਗਰ ਨਿਗਮਾਂ, ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀਆਂ ਦੀਆਂ ਚੋਣਾਂ 'ਚ ਕਾਂਗਰਸ ਦੇ ਹੱਕ 'ਚ ਫਤਵਾ ਦਿੱਤਾ ਹੈ। ਚੋਣਾਂ ਦੌਰਾਨ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਕਾਂਗਰਸ ਸਰਕਾਰ ਨੇ ਪੈਨਸ਼ਨ 250 ਰੁਪਏ ਤੋਂ ਵਧਾ ਕੇ 750 ਰੁਪਏ, ਸ਼ਗਨ ਸਕੀਮ ਨੂੰ ਵਧਾ ਕੇ 21000 ਰੁਪਏ, 2 ਏਕੜ ਤੱਕ ਦੇ ਕਿਸਾਨਾਂ ਦਾ 2 ਲੱਖ ਰੁਪਏ ਅਤੇ ਦਲਿਤਾਂ ਦਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਆਫ ਕੀਤਾ ਹੈ। ਹੁਣ ਅਗਲੇ ਪੜਾਅ 'ਚ ਢਾਈ ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ। ਇਸ ਮੌਕੇ ਕੈਬਨਿਟ ਮੰਤਰੀ ਦੇ ਸਲਾਹਕਾਰ ਅਤੇ ਸੂਬਾਈ ਕਾਂਗਰਸ ਦੇ ਸਕੱਤਰ ਯਸ਼ਪਾਲ ਧੀਮਾਨ ਅਤੇ ਅਸ਼ੋਕ ਗੁਪਤਾ ਮੌਜੂਦ ਸਨ।

ਅਗਲੇ ਸੈਸ਼ਨ ਤੋਂ ਪਹਿਲਾਂ ਵਜ਼ੀਫਾ ਘਪਲੇ ਦੇ ਦੋਸ਼ੀ ਹੋਣਗੇ ਸੀਖਾਂ ਪਿੱਛੇ
ਸਾਧੂ ਸਿੰਘ ਧਰਮਸੌਤ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਤਾਂ ਬਾਦਲ ਸਰਕਾਰ ਦਾ 2014 ਤੋਂ ਲੈ ਕੇ 2017 ਤਕ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਬਕਾਇਆ ਜਾਰੀ ਕੀਤਾ ਹੈ, ਜਿਸ ਦੀ ਰਿਪੋਰਟ ਤੋਂ ਬਾਅਦ ਜਾਂਚ ਮੁਕੰਮਲ ਕਰਕੇ ਇਸ ਘਪਲੇ 'ਚ ਸ਼ਾਮਲ ਦੋਸ਼ੀਆਂ ਨੂੰ ਸੀਖਾਂ ਪਿੱਛੇ ਕੀਤਾ ਜਾਵੇਗਾ। ਪੰਜਾਬ ਮੰਤਰੀ ਮੰਡਲ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਵਿੱਦਿਅਕ ਅਦਾਰਿਆਂ 'ਚ ਘਪਲੇ ਦੀ ਰਕਮ 50 ਲੱਖ ਤੋਂ ਵਧ ਹੈ, ਦੇ ਖਿਲਾਫ ਕਾਨੂੰਨੀ ਕਾਰਵਾਈ ਸੀਖਾਂ ਪਿੱਛੇ ਡੱਕਿਆ ਜਾਵੇਗਾ।

ਅਮਰਿੰਦਰ ਹੀ ਪੰਜਾਬ ਦੇ ਕੈਪਟਨ, ਸਿੱਧੂ ਮੇਰੇ ਵਾਂਗ ਟੀਮ ਦੇ ਮੈਂਬਰ
ਧਰਮਸੌਤ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਦੇ ਕੈਪਟਨ ਹਨ। ਨਵਜੋਤ ਸਿੰਘ ਸਿੱਧੂ ਮੇਰੇ ਵਾਂਗ ਉਨ੍ਹਾਂ ਦੀ ਟੀਮ ਦੇ ਮੈਂਬਰ ਹਨ। ਕੈਪਟਨ ਸਰਕਾਰ ਨੇ 2002 ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਯਤਨ ਸ਼ੁਰੂ ਕੀਤੇ ਸਨ। ਹੁਣ ਜੋ ਸਫਲਤਾ ਮਿਲੀ ਹੈ, ਦਾ ਸਿਹਰਾ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਜਾਂਦਾ ਹੈ।


author

rajwinder kaur

Content Editor

Related News