ਸਰਕਾਰਾਂ ਨੂੰ ਸਿੱਖਿਆ ਤੇ ਸਿਹਤ ਵੱਲ ਧਿਆਨ ਦੇਣ ਦੀ ਲੋੜ : ਧਰਮਸੌਤ
Monday, Nov 11, 2019 - 05:28 PM (IST)

ਜਲੰਧਰ : ਪੰਜਾਬ ਦੇ ਅਨੁਸੂਚਿਤ ਜਾਤੀ ਕਲਿਆਣ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਦੇਸ਼ ਦੀਆਂ ਸਰਕਾਰਾਂ ਨੂੰ ਹੁਣ ਸਿੱਖਿਆ ਤੇ ਸਿਹਤ ਵੱਧ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਦੋ ਖੇਤਰ ਅਜਿਹੇ ਹਨ ਜਿਥੇ ਜਨਤਾ ਨੂੰ ਸਰਕਾਰ ਤੋਂ ਸਭ ਤੋਂ ਵੱਧ ਉਮੀਦਾਂ ਹਨ। ਧਰਮਸੌਤ ਨੇ ਕਿਹਾ ਕਿ ਲੋਕਾਂ ਦੇ ਦਰਦ ਨੂੰ ਸਮਝਣ ਤੇ ਫਿਰ ਹਿੰਮਤ ਕਰ ਕੇ ਉਨ੍ਹਾਂ ਦੀ ਮਦਦ ਕਰਨ ਦਾ ਕੰਮ ਪੰਜਾਬ ਕੇਸਰੀ ਸਮੂਹ ਵਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਤੇ ਰਮੇਸ਼ ਚੰਦਰ ਜੀ ਦੀ ਹੱਤਿਆ ਤੋਂ ਬਾਅਦ ਜਿਸ ਤਰ੍ਹਾਂ ਵਧੀਆ ਢੰਗ ਨਾਲ ਸ਼੍ਰੀ ਵਿਜੇ ਚੋਪੜਾ ਨੇ ਪੱਤਰ ਸਮੂਹ ਦਾ ਕੰਮ ਸੰਭਾਲਦੇ ਹੋਏ ਪੀੜਤ ਪਰਿਵਾਰਾਂ ਦੀ ਮਦਦ ਕੀਤੀ, ਉਹ ਸਭ ਤੋਂ ਪੁੰਨ ਦਾ ਕੰਮ ਹੈ।
ਉਨ੍ਹਾਂ ਕਿਹਾ ਕਿ ਦੇਸ਼ 'ਚ ਅੱਜ ਗਰੀਬ ਵਰਗ ਦੇ ਲੋਕਾਂ ਨੂੰ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਸਰਕਾਰ ਤੋਂ ਮਦਦ ਦੀ ਲੋੜ ਹੈ। ਦੇਸ਼ 'ਚ ਅਨਪੜ੍ਹਤਾ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਧਰਮਸੌਤ ਨੇ ਕਿਹਾ ਕਿ ਗਰੀਬ ਵਰਗ ਨੂੰ ਅੱਜ ਜੇ ਮੁਫਤ 'ਚ ਦਵਾਈ ਦੇ ਦਿੱਤੀ ਜਾਵੇ ਤਾਂ ਉਹ ਦਵਾਈ ਲਈ ਦਰ-ਦਰ ਨਹੀਂ ਭਟਕੇਗਾ। ਇਸੇ ਤਰ੍ਹਾਂ ਜੇ ਗਰੀਬ ਦੇ ਬੱਚੇ ਨੂੰ ਮੁਫਤ ਸਿੱਖਿਆ ਦੇ ਦਿੱਤੀ ਜਾਵੇ ਤਾਂ ਉਸ ਦਾ ਬੋਝ ਹੋਰ ਵੀ ਹਲਕਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਜਾਤ ਤੇ ਧਰਮ ਦੇ ਨਾਂ 'ਤੇ ਵੰਡਣ ਦੀ ਸਿਆਸਤ ਬੰਦ ਹੋਣੀ ਚਾਹੀਦੀ ਹੈ। ਪੰਜਾਬ ਨੇ ਕਾਫੀ ਦਰਦ ਸਹਿਆ ਹੈ ਤੇ ਮਾੜੇ ਦਿਨਾਂ 'ਚ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੁੰਦੀਆਂ ਰਹੀਆਂ ਹਨ।
ਧਰਮਸੌਤ ਨੇ ਕਿਹਾ ਕਿ ਦੇਸ਼ ਨੂੰ ਅੱਜ ਇਕਜੁੱਟ ਤੇ ਇਕੱਠਾ ਰੱਖਣ ਦੀ ਲੋੜ ਹੈ। ਦੇਸ਼ ਤਾਂ ਹੀ ਮਜ਼ਬੂਤੀ ਨਾਲ ਅੱਗੇ ਵਧ ਸਕੇਗਾ। ਉਨ੍ਹਾਂ ਕਿਹਾ ਕਿ ਦੇਸ਼ 'ਚ ਧਰਮ ਦੇ ਨਾਂ 'ਤੇ ਸਿਆਸਤ ਬੰਦ ਹੋਣੀ ਚਾਹੀਦੀ ਹੈ ਤੇ ਸਾਡਾ ਸਾਰਿਆਂ ਦਾ ਨਿਸ਼ਾਨਾ ਦੇਸ਼ ਨੂੰ ਖੁਸ਼ਹਾਲੀ ਦੇ ਰਾਹ 'ਤੇ ਲਿਜਾਣ ਦਾ ਹੋਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਤਵਾਦ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਲਈ ਵੀ ਲੋਕਾਂ 'ਚ ਹਿੰਮਤ ਹੋਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਵੀ ਸੂਬੇ 'ਚ ਸਿੱਖਿਆ ਤੇ ਸਿਹਤ ਦੇ ਖੇਤਰ ਵੱਲ ਧਿਆਨ ਦੇ ਰਹੀ ਹੈ ਤੇ ਸੂਬੇ ਨੂੰ ਤਰੱਕੀ ਦੀ ਰਾਹ 'ਤੇ ਲਿਜਾਇਆ ਜਾ ਰਿਹਾ ਹੈ।