ਹਰਿਆਣਾ 'ਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਲੜੇਗਾ ਅਕਾਲੀ ਦਲ
Monday, Jan 14, 2019 - 09:09 AM (IST)
ਸਿਰਸਾ/ਚੰਡੀਗੜ੍ਹ— ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਹਰਿਆਣਾ 'ਚ ਅਕਾਲੀ ਦਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜੇਗਾ। ਹਾਲਾਂਕਿ ਕਿਹੜੀ ਪਾਰਟੀ ਨਾਲ ਚੋਣਾਂ ਮਿਲ ਕੇ ਲੜੀਆਂ ਜਾਣਗੀਆਂ, ਇਸ 'ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਦੀ ਕੋਰ ਕਮੇਟੀ ਫੈਸਲਾ ਕਰੇਗੀ। ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਕਾਲਾਂਵਾਲੀ ਦੇ ਵਿਧਾਇਕ ਬਲਕੌਰ ਸਿੰਘ ਦੇ ਨਿਵਾਸ ਸਥਾਨ 'ਤੇ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਸੁਖਬੀਰ ਬਾਦਲ ਨੇ ਇਹ ਗੱਲਾਂ ਕਹੀਆਂ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਹਰਿਆਣਾ 'ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਦੀ ਪੂਰੀ ਤਿਆਰੀ 'ਚ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਵਰਕਰਾਂ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਹਨ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਾਲਾਂਵਾਲੀ ਇਲਾਕੇ ਨਾਲ ਗੂੜਾ ਸੰਬੰਧ ਰਿਹਾ ਹੈ। ਇਸ ਇਲਾਕੇ ਦੇ ਕਾਫੀ ਲੋਕਾਂ ਨੇ ਐਮਰਜੈਂਸੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜੇਲ ਕੱਟੀ ਹੈ। ਇਲਾਕੇ ਦੇ ਲੋਕਾਂ ਦੇ ਕਹਿਣ 'ਤੇ ਹੀ ਅਕਾਲੀ ਦਲ ਨੇ ਇੱਥੋਂ ਚੋਣ ਲੜੀ ਸੀ ਅਤੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਹਾਸਲ ਕੀਤੀ ਪਰ ਦੋਵੇਂ ਹੀ ਵਾਰ ਸਹਿਯੋਗੀ ਪਾਰਟੀ ਦੀ ਸਰਕਾਰ ਨਹੀਂ ਬਣੀ ਅਤੇ ਵਿਧਾਇਕ ਨੂੰ ਵਿਰੋਧੀ ਧਿਰ 'ਚ ਬੈਠਣਾ ਪਿਆ।
ਉਨ੍ਹਾਂ ਕਿਹਾ ਕਿ ਚੌਧਰੀ ਦੇਵੀਲਾਲ ਪਰਿਵਾਰ ਨਾਲ ਵੀ ਉਨ੍ਹਾਂ ਦੇ ਕਾਫੀ ਗੂੜੇ ਰਿਸ਼ਤੇ ਰਹੇ ਹਨ ਪਰ ਹੁਣ ਚੌਟਾਲਾ ਪਰਿਵਾਰ ਦੇ ਮੈਂਬਰਾਂ 'ਚ ਦੂਰੀਆਂ ਵਧਣ ਦਾ ਨੁਕਸਾਨ ਪੂਰੇ ਸੂਬੇ ਖਾਸ ਕਰਕੇ ਕਾਲਾਂਵਾਲੀ ਇਲਾਕੇ ਦੇ ਲੋਕਾਂ ਨੂੰ ਹੈ। ਉਨ੍ਹਾਂ ਕਿਹਾ ਸਾਡੀ ਕੋਸ਼ਿਸ਼ ਹੈ ਕਿ ਇਹ ਪਰਿਵਾਰ ਇਕਜੁੱਟ ਹੋ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਜਿਹੜੇ ਵਿਕਾਸ ਦੇ ਕੰਮ ਬਾਦਲ ਸਰਕਾਰ ਨੇ ਕਰਵਾਏ ਸਨ, ਉਹ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕਰਵਾਏ।ਡੇਰਾ ਸੰਬੰਧੀ ਕੀਤੇ ਗਏ ਇਕ ਸਵਾਲ 'ਤੇ ਸੁਖਬੀਰ ਬਾਦਲ ਨੇ ਕੁਝ ਵੀ ਕਹਿਣ ਤੋਂ ਸਾਫ ਮਨ੍ਹਾ ਕਰ ਦਿੱਤਾ।
