ਪੰਜਾਬ ‘ਚ ਭਾਜਪਾ ਨਾਲ ਗੱਠਜੋੜ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਿਆਸੀ ਭਵਿੱਖ ਮੁੜ ਲੱਗਾ ਦਾਅ 'ਤੇ

02/12/2024 5:15:36 AM

ਲੰਡਨ- (ਸਰਬਜੀਤ ਸਿੰਘ ਬਨੂੜ)- ਪੰਜਾਬ ਵਿੱਚ ਭਾਜਪਾ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਿਆਸੀ ਭਵਿੱਖ ਮੁੜ ਦਾਅ ‘ਤੇ ਲੱਗ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦੀ ਹੋਈ ਜ਼ਬਰਦਸਤ ਹਾਰ, ਦੋਵਾਂ ਪਾਰਟੀਆਂ ਦਾ ਸਿਆਸੀ ਤੋੜ ਵਿਛੋੜਾ ਤੇ ਮੁੜ ਸਿਆਸੀ ਕੁਰਸੀ ਦੀ ਲਾਲਸਾ ਨੇ ਦੋਵੇਂ ਪਾਰਟੀਆਂ ਨੂੰ ਮੁੜ ਇੱਕ ਦੂਜੇ ਦੇ ਨੇੜੇ ਲਿਆ ਖੜ੍ਹਾ ਕਰ ਦਿੱਤਾ ਹੈ। ਪਰ ਦੇਸ਼ ਵਿੱਚ ਮੁੜ ਸ਼ੁਰੂ ਹੋ ਰਿਹਾ ਕਿਸਾਨ ਅੰਦੋਲਨ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਫਾਇਦਾ ਨਾ ਦੇ ਕੇ ਜ਼ਰੂਰ ਮੁੜ ਸਬਕ ਸਿਖਾਵੇਗਾ।
 
ਭਾਵੇਂ ਕਿ ਦੋਵਾਂ ਪਾਰਟੀਆਂ ਵਿਚਾਲੇ ਤੋੜ ਵਿਛੋੜੇ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪੂਰਨ ਬਹੁਮਤ ਵਾਲੀ ਮਜ਼ਬੂਤ ਸਰਕਾਰ ਬਣਾ ਦਿੱਤੀ ਹੈ ਤੇ ਪੰਜਾਬ ਦੀ ਹਿਤੈਸ਼ੀ ਪਾਰਟੀ ਵਿਰੋਧੀ ਧਿਰ ਵੀ ਨਾ ਬਣ ਗਿਣਤੀ ਦੇ ਮੈਂਬਰਾਂ ਨਾਲ ਸਬਰ ਕਰ ਬੈਠ ਗਈ ਤੇ ਪੰਜਾਬ ਵਿੱਚ 'ਪੰਜਾਬ ਬਚਾਓ' ਦੇ ਨਾਅਰੇ ਨਾਲ ਸਿਆਸੀ ਹਲਚਲ ਸ਼ੁਰੂ ਕੀਤੀ। ਪਰੰਤੂ ਉਹ ਵੀ ਕੁਝ ਸ਼ਹਿਰਾਂ ਤੱਕ ਹੀ ਸੀਮਿਤ ਰਹਿ ਗਈ ਤੇ ਲੋਕਾਂ ਵਿੱਚ ਅੱਜ ਵੀ ਅਕਾਲੀ-ਭਾਜਪਾ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਅਣਗਿਣਤ ਬੇਅਦਬੀਆਂ ਨੂੰ ਲੋਕ ਨਾ ਭੁੱਲੇ ਸਕੇ।  

ਸਮੁੱਚੇ ਪੰਜਾਬ ਦੀਆਂ ਵੋਟਾਂ ਦੀ ਗਿਣਤੀ ਵੇਖੀ ਜਾਵੇ ਤਾਂ ਤੋੜ ਵਿਛੋੜੇ ਕਾਰਨ ਦੋਵੇਂ ਪਾਰਟੀਆਂ ਜਿੱਤ ਦੇ ਨਿਸ਼ਾਨ ਤੋਂ ਹੇਠਾਂ ਡਿੱਗ ਪਈਆਂ ਪਰ ਆਪਣੀ-ਆਪਣੀ ਆਕੜ ਕਾਰਨ ਗਲਤੀ 'ਤੇ ਗਲਤੀ ਕਰਦੀਆਂ 'ਤੂੰ ਉੱਤਰ ਮੇਰੀ ਵਾਰੀ' ਵਾਂਗ ਆਮ ਜਨਤਾ ਨੇ ਦੋਵਾਂ ਪਾਰਟੀਆਂ ਦਾ ਪੱਤਾ ਸਾਫ਼ ਕਰ ਤੀਜੀ ਧਿਰ ਨੂੰ ਪੰਜਾਬ 'ਤੇ ਕਾਬਜ਼ ਕਰ ਦਿੱਤਾ। ਪੰਜਾਬ ਦੀ ਸੱਤਾ ਮਾਨਣ ਲਈ ਕਈ ਥਾਵਾਂ 'ਤੇ ਪੰਜਾਬ ਵਿੱਚ ਪੇਂਡੂ ਵੋਟ ਤੇ ਪੰਥ ਖ਼ਤਰੇ ਦੇ ਨਾਅਰਿਆਂ ਤੋਂ ਇਲਾਵਾ ਪੰਜਾਬ ਵਿੱਚ ਖਾੜਕੂਵਾਦ ਦਾ ਨਾਅਰਾ ਲਾ ਕੇ ਸੱਤਾ ਹਾਸਲ ਕਰਨ ਵਾਲੀਆਂ ਦੋਵੇਂ ਵੱਡੀਆਂ ਧਿਰਾਂ ਪੰਜਾਬ ਵਿੱਚ ਮੁੜ ਪੈਰ ਪਸਾਰਨ ਲਈ ਤਰਲੋ-ਮੱਛੀ ਹੋਈਆਂ ਪਈਆਂ ਹਨ। 

ਸਰਕਾਰ ਹੋਣ ਵੇਲੇ ਸਿੱਖ ਮਸਲਿਆਂ, ਬੰਦੀ ਸਿੰਘਾਂ ਦੀ ਰਿਹਾਈ 'ਤੇ ਚੁੱਪੀ ਤੇ ਸਿੱਖਾਂ ਦੇ ਕਾਤਲਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਪ੍ਰਸਤੀ ਹੇਠ ਉੱਚ ਅਹੁਦਿਆਂ 'ਤੇ ਨਿਵਾਜਣਾ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਪਾਉਣ ਬਰਾਬਰ ਸੀ। ਕਿਸਾਨ ਅੰਦੋਲਨ ਦੌਰਾਨ ਭਾਜਪਾ ਦਾ ਕਿਸਾਨਾਂ ਪ੍ਰਤੀ ਵਿਹਾਰ ਤੇ ਮੁੜ ਸ਼ੁਰੂ ਹੋਣ ਜਾ ਰਹੇ ਕਿਸਾਨ ਅੰਦੋਲਨ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਵਿਚਕਾਰ ਗੱਠਜੋੜ ਦੀ ਆਵਾਜ਼ ਪੰਜਾਬ ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਚੰਗੇ ਸੰਕੇਤ ਨਹੀਂ ਹੋਣਗੇ।

ਜੇਕਰ ਅਜਿਹਾ ਹੋ ਗਿਆ ਤਾਂ ਪੰਜਾਬ ਵਿੱਚ ਪੰਜਾਬੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਿਆਸੀ ਰੁਤਬਾ ਖ਼ਤਮ ਹੋਣ ਦੇ ਨਾਲ ਪੰਜਾਬ ਵਿੱਚੋਂ ਖੇਤਰੀ ਪਾਰਟੀ ਦਾ ਇੱਕ ਵੀ ਐੱਮ.ਪੀ. ਤੇ ਪੰਜਾਬ ਵਿਧਾਨ ਸਭਾ ਵਿੱਚ ਮੁਕੰਮਲ ਮੈਂਬਰੀ ਖ਼ਤਮ ਹੋਣ ਦੇ ਆਸਾਰ ਬਣ ਜਾਣਗੇ ਤੇ ਪੁਰਾਤਨ ਅਕਾਲੀ ਦਲ ਇਕ ਪਰਿਵਾਰ ਦਾ ਕੁਰਸੀ ਦੀ ਲਾਲਸਾ ਕਾਰਨ ਵਜੂਦ ਖ਼ਤਮ ਕਰਨ ਵੱਲ ਇਕ ਹੋਰ ਕਦਮ ਵਧ ਜਾਵੇਗਾ, ਜਿਸ ਦਾ ਅਸਰ ਕਈ ਸਾਲ ਤੱਕ ਸਿੱਖ ਕੌਮ ਨੂੰ ਝੱਲਣਾ ਪਵੇਗਾ। 

ਪੰਜਾਬ ਚੋਣਾਂ ਵਿੱਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਤੋਂ ਬਾਅਦ 12 ਮਾਰਚ 2022 ਨੂੰ 'ਜਗਬਾਣੀ' ਅਖ਼ਬਾਰ ਵਿੱਚ ਪ੍ਰਕਾਸ਼ਿਤ ਖ਼ਬਰ ਰਾਹੀਂ ਵਿਦੇਸ਼ੀ ਸਿੱਖਾਂ ਨੇ ਪੁਰਾਤਨ ਅਕਾਲੀ ਦਲ ਨੂੰ ਮੁੜ ਪੰਜਾਬ ਹਿਤੈਸ਼ੀ ਬਣਾਉਣ ਲਈ ਕਈ ਸੁਝਾਅ ਦਿੱਤੇ ਪਰੰਤੂ ਉਹ ਵੀ ਅੱਖੋਂ-ਪਰੋਖੇ ਕਰ ਬਾਦਲ ਪਰਿਵਾਰ ਨੇ ਲਗਾਤਾਰ ਗੁਰਦੁਆਰਾ ਪ੍ਰਬੰਧ 'ਤੇ ਕਾਬਜ਼ ਹੋਣ ਦੇ ਬਾਵਜੂਦ ਸਿੱਖੀ ਦੇ ਪਸਾਰੇ ਤੇ ਪੰਜਾਬ ਦੀ ਸਿਆਸਤ ਵਿੱਚ ਕੋਈ ਮੱਲ ਨਾ ਮਾਰ ਸਕਿਆ ਪਰੰਤੂ ਕੋਈ ਵੀ ਪਾਰਟੀ ਵਿਦੇਸ਼ੀ ਸਿੱਖਾਂ ਨੂੰ ਨਜ਼ਰ ਅੰਦਾਜ਼ ਕਰ ਪੰਜਾਬ ਵਿੱਚ ਕਾਮਯਾਬ ਨਹੀਂ ਹੋ ਸਕਦੀ।

PunjabKesari

ਇਹ ਵੀ ਪੜ੍ਹੋ- ਪੁਰਾਤਨ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਲੀਹਾਂ 'ਤੇ ਲਿਆਂਦਾ ਜਾਵੇਗਾ : ਵਿਦੇਸ਼ੀ ਸਿੱਖ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Harpreet SIngh

Content Editor

Related News