SAD ਵੱਲੋਂ ਲੋਕਾਂ ਤੱਕ ਵਰਚੁਅਲੀ ਪਹੁੰਚ ਕਰਨ ਲਈ ਨਿਵੇਕਲੀ ਸੋਸ਼ਲ ਮੀਡੀਆ ਪਹਿਲਕਦਮੀ ਸ਼ੁਰੂ

Tuesday, Jan 18, 2022 - 09:04 PM (IST)

SAD ਵੱਲੋਂ ਲੋਕਾਂ ਤੱਕ ਵਰਚੁਅਲੀ ਪਹੁੰਚ ਕਰਨ ਲਈ ਨਿਵੇਕਲੀ ਸੋਸ਼ਲ ਮੀਡੀਆ ਪਹਿਲਕਦਮੀ ਸ਼ੁਰੂ

ਚੰਡੀਗੜ੍ਹ (ਬਿਊਰੋ)-ਆਪਣੇ ਤਰੀਕੇ ਦੀ ਨਿਵੇਕਲੀ ਪਹਿਲਕਦਮੀ ’ਚ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਵਾਸਤੇ ਸੋਸ਼ਲ ਮੀਡੀਆ ਰਾਹੀਂ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਤਹਿਤ ਪਾਰਟੀ ਪ੍ਰਧਾਨ ਸੂਬੇ ਦੇ ਹਰ ਹਲਕੇ ਦੇ ਲੋਕਾਂ ਨਾਲ ਸਥਾਨਕ ਪਾਰਟੀ ਉਮੀਦਵਾਰ ਨਾਲ ਮਿਲ ਕੇ ਗੱਲਬਾਤ ਕਰਨਗੇ। ਇਹ ਪਹਿਲਕਦਮੀ ਕੱਲ੍ਹ ਸੁਖਬੀਰ ਸਿੰਘ ਬਾਦਲ ਵੱਲੋਂ ਖਰੜ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨਾਲ ਰਲ ਕੇ ਖਰੜ ਦੇ ਲੋਕਾਂ ਨਾਲ ਗੱਲਬਾਤ ਕਰ ਕੇ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਹਲਕੇ ਦੀਆਂ ਤਿੰਨ ਥਾਵਾਂ ’ਤੇ ਲੋਕਾਂ ਨਾਲ ਇਕੋ ਸਮੇਂ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮਾਜਰੀ ਬਲਾਕ ’ਚ ਸਿਹਤ ਸਹੂਲਤਾਂ ਤੇ ਪੀਣ ਵਾਲੇ ਪਾਣੀ ਦੀ ਘਾਟ ਸਮੇਤ ਹੋਰ ਮੁੱਦਿਆਂ ਅਤੇ ਨਵਾਂ ਗਾਓਂ ਤੇ ਕਾਂਸਲ ਇਲਾਕਿਆਂ ’ਚ ਕਾਂਗਰਸੀ ਸਰਕਾਰ ਵੇਲੇ ਹੋਏ ਵਿਤਕਰੇ ਬਾਰੇ ਚਰਚਾ ਕੀਤੀ। ਬਾਦਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਸੂਬੇ ਦੀ ਰਾਜਧਾਨੀ ਦੇ ਨਾਲ ਲੱਗਦੇ ਇਸ ਹਲਕੇ ਨੂੰ ਇੰਨਾ ਅਣਗੌਲਿਆ ਗਿਆ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਖ਼ਿਲਾਫ਼ ਕਾਂਗਰਸੀਆਂ ਨੇ ਖੋਲ੍ਹਿਆ ਮੋਰਚਾ, ਇਨ੍ਹਾਂ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ

ਖਰੜ ਦੇ ਲੋਕਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਖਰੜ ’ਚ ਬੱਸ ਸਟੈਂਡ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਹਾਲੇ ਤੱਕ ਸ਼ੁਰੂ ਨਹੀਂ ਹੋਇਆ। ਇਹ ਵੀ ਦੱਸਿਆ ਕਿ ਕਿਵੇਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਟਰਾਂਸਪੋਰਟ ਮੰਤਰ ਰਾਜਾ ਵੜਿੰਗ ਨੇ ਵੀ ਅਜਿਹੇ ਐਲਾਨ ਕੀਤੇ। ਖਰੜ ਹਲਕੇ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਕਿਸ ਤਰੀਕੇ ਉਨ੍ਹਾਂ ਦੇ ਵਿਧਾਇਕ ਤੇ ‘ਆਪ’ ਦੇ ਆਗੂ ਕੰਵਰ ਸੰਧੂ ਹਲਕੇ ਨੂੰ ਛੱਡ ਕੇ ਭੱਜ ਗਏ ਹਨ। ਲੋਕਾਂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੇ ‘ਆਪ’ ਵਿਚ ਵਿਸ਼ਵਾਸ ਪ੍ਰਗਟ ਕੀਤਾ ਸੀ ਪਰ ਪਾਰਟੀ ਅਤੇ ਇਸ ਦੇ ਪ੍ਰਤੀਨਿਧ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਸਤੇ ਆਪਣੀ ਆਵਾਜ਼ ਬੁਲੰਦ ਕਰਨ ਦੀ ਲੋੜ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਪਿਛਲੇ ਪੰਜ ਸਾਲਾਂ ਤੋਂ ਹਲਕੇ ਦੇ ਲੋਕਾਂ ਦੀ ਸਾਰ ਲੈ ਰਹੇ ਹਨ ਅਤੇ ਕੋਰੋਨਾ ਮਹਾਮਾਰੀ ਵੇਲੇ ਵੀ ਉਨ੍ਹਾਂ ਨੇ 25 ਬੈੱਡਾਂ ਦਾ ਹਸਪਤਾਲ ਤਿਆਰ ਕੀਤਾ। ਲੋਕਾਂ ਨੇ ਦੱਸਿਆ ਕਿ ਇਸੇ ਤਰੀਕੇ ਜਦੋਂ ਹੜ੍ਹ ਆਏ ਸਨ ਤਾਂ ਗਿੱਲ ਨੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਤੇ ਹੋਰ ਰਾਹਤ ਸਮੱਗਰੀ ਪ੍ਰਦਾਨ ਕੀਤੀ। ਮਾਜਰੀ ਬਲਾਕ ’ਚ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਕੋਲ ਪੀਣ ਦਾ ਸਾਫ ਪਾਣੀ ਨਹੀਂ ਹੈ ਤੇ ਉਨ੍ਹਾਂ ਨੂੰ ਖੇਤੀਬਾੜੀ ਜਿਣਸਾਂ ਦੇ ਜੰਗਲੀ ਪਸ਼ੂਆਂ ਤੋਂ ਨੁਕਸਾਨ ਦੀ ਮਾਰ ਝੱਲਣੀ ਪੈਂਦੀ ਹੈ।

ਇਹ ਵੀ ਪੜ੍ਹੋ : ਚੋਣਾਂ ਦੇ ਭਖ਼ਦੇ ਮਾਹੌਲ ਦੌਰਾਨ ਭਗਵੰਤ ਮਾਨ ਦਾ ਵੱਡਾ ਬਿਆਨ, CM ਚਿਹਰੇ ’ਤੇ ਫਿਰ ਆਖੀ ਇਹ ਗੱਲ (ਵੀਡੀਓ)

ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ’ਚ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਨਾਲ-ਨਾਲ ਪਾਰਟੀ ਸਿੰਜਾਈ ਸਕੀਮਾਂ ਵੀ ਸ਼ੁਰੂ ਕਰੇਗੀ, ਜੋ ਹਾਲੇ ਤੱਕ ਇਲਾਕੇ ’ਚ ਸ਼ੁਰੂ ਨਹੀਂ ਹੋਈਆਂ ਤੇ ਇਹ ਸਿੰਜਾਈ ਸਹੂਲਤਾਂ ਦਾ ਲਾਭ ਨਹੀਂ ਮਿਲਿਆ। ਖਰੜ ’ਚ ਲੋਕਾਂ ਨੇ ਦੱਸਿਆ ਕਿ ਕਿਵੇਂ ਅੱਜ ਮਹਾਰਾਜਾ ਦਾ ਮੰਦਿਰ ਅਣਗੌਲਿਆ ਪਿਆ ਹੈ ਤੇ ਉਨ੍ਹਾਂ ਨੇ ਅਪੀਲ ਕੀਤੀ ਕਿ ਮੰਦਰ ਦਾ ਸੁੰਦਰੀਕਰਨ ਕਰ ਕੇ ਢੁੱਕਵੀਂ ਯਾਦਗਾਰ ਸਥਾਪਿਤ ਕੀਤੀ ਜਾਵੇ। ਬਾਦਲ ਨੇ ਉਨ੍ਹਾਂ ਦਾ ਸੁਝਾਅ ਪ੍ਰਵਾਨ ਕੀਤਾ ਤੇ ਕਿਹਾ ਕਿ ਇਸ ਠਿਕਾਣੇ ਦਾ ਸੁੰਦਰੀਕਰਨ ਕੀਤਾ ਜਾਵੇਗਾ ਤੇ ਇਸ ਨੂੰ ਰਾਮ ਤੀਰਥ ਸਥਲ ਤੇ ਦੁਰਗਿਆਣਾ ਮੰਦਿਰ ਵਾਂਗ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਿੱਖਿਆ ਤੇ ਸਿਹਤ ਖੇਤਰ ’ਤੇ ਜ਼ੋਰ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਹਰ ਬਲਾਕ ’ਚ ਮੈਗਾ ਸਕੂਲ ਸਥਾਪਿਤ ਕਰਾਂਗੇ ਤਾਂ ਜੋ ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲਣੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ ਤੇ ਵਿਦਿਆਰਥੀਆਂ ਨੂੰ 10 ਲੱਖ ਰੁਪਏ ਦਾ ਸਟੂਡੈਂਟ ਲੋਨ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਜ਼ਿਲ੍ਹਿਆਂ ਵਿਚ ਮੈਡੀਕਲ ਕਾਲਜ ਖੋਲ੍ਹੇਗੀ। ਉਨ੍ਹਾਂ ਦੱਸਿਆ ਕਿ ਅਸੀਂ ਸਾਰੇ ਜ਼ਿਲ੍ਹਿਆਂ ’ਚ 500 ਬੈੱਡਾਂ ਦੇ ਹਸਪਤਾਲ ਖੋਲ੍ਹਾਂਗੇ ਅਤੇ ਹਰ ਕਿਸੇ ਲਈ ਮਿਆਰੀ ਸਿਹਤ ਸਹੂਲਤਾਂ ਉਸ ਦੀ ਪਹੁੰਚ ’ਚ ਮਿਲਣੀਆਂ ਯਕੀਨੀ ਬਣਾਵਾਂਗੇ।


author

Manoj

Content Editor

Related News