ਕਾਂਗਰਸ ਅਤੇ ‘ਆਪ’ ਕਿਸਾਨਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਰਾਜਸੀ ਰੋਟੀਆਂ ਸੇਕ ਰਹੀਆਂ : ਚੰਦੂਮਾਜਰਾ
Monday, Sep 06, 2021 - 01:01 PM (IST)
 
            
            ਕੁਰਾਲੀ (ਬਠਲਾ) : ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਦੇ ਹੱਕ ਵਿਚ ਨਹੀਂ ਹੈ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਕਿਸਾਨਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਰਾਜਸੀ ਰੋਟੀਆਂ ਸੇਕਣ ਲੱਗੀਆਂ ਹੋਈਆਂ ਹਨ ਅਤੇ ਸੂਬੇ ਦਾ ਮਾਹੌਲ ਖਰਾਬ ਕਰ ਰਹੀਆਂ ਹਨ। ਇਹ ਪ੍ਰਗਟਾਵਾ ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਵਾਪਰੀਆਂ ਘਟਨਾਵਾਂ ਖ਼ਾਸ ਕਰ ਕੇ ਮੋਗਾ ਵਿਚ ਹੋਇਆ ਲਾਠੀਚਾਰਜ ਅਤੇ ਕਿਸਾਨਾਂ ’ਤੇ ਦਰਜ ਕੀਤੇ ਗਏ ਕੇਸ ਨਿੰਦਣਯੋਗ ਹਨ। ਇਸ ਲਈ ਅਕਾਲੀ ਦਲ ਨੇ ਕਿਸਾਨ ਸੰਘਰਸ਼ ਦੇ ਆਗੂਆਂ ਨਾਲ ਮਿਲ ਕੇ ਸੁਖਾਵਾਂ ਹੱਲ ਕੱਢਣ ਲਈ ਕਮੇਟੀ ਬਣਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਮੇਟੀ ’ਤੇ ਇਤਰਾਜ਼ ਕਿਉਂ ਹੈ? ਉਹ ਕਿਸਾਨ ਆਗੂਆਂ ਨੂੰ ਗਾਈਡਲਾਈਨ ਨਾ ਦੇਣ। ਗੰਨੇ ਦੇ ਭਾਅ ਵਿਚ ਕਰਵਾਏ ਵਾਧੇ ’ਤੇ ਲੱਡੂ ਖਾ ਕੇ ਕੈਪਟਨ ਇਸ ਸੰਘਰਸ਼ ਦਾ ਰਹਿਨੁਮਾ ਬਣਨ ਦਾ ਸੁਪਨਾ ਨਾ ਪਾਲਣ।
ਇਹ ਵੀ ਪੜ੍ਹੋ : ਲੁਧਿਆਣਾ ’ਚ ਪਹਿਲੀ ਵਾਰ ਕਿਸੇ ਕੰਪਿਊਟਰ ਅਧਿਆਪਕ ਨੂੰ ਮਿਲਿਆ ਸਟੇਟ ਐਵਾਰਡ
ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਆਗੂਆਂ ਨੂੰ ਪੱਤਰ ਲਿਖ ਕੇ ਅਤੇ ਟੈਲੀਫੋਨ ਕਰ ਕੇ ਸੰਪਰਕ ਸਾਧਿਆ ਹੈ। ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਕਮੇਟੀ ਕਿਸਾਨ ਆਗੂਆਂ ਨੂੰ ਮਿਲ ਕੇ ਮਸਲੇ ਹੱਲ ਕੱਢਣ ਲਈ ਉਤਾਵਲੀ ਹੈ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਸੰਘਰਸ਼ ਦੇ ਮੁੱਖ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਕੋਕਰੀ , ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਜਗਜੀਤ ਸਿੰਘ ਢੱਲੇਵਾਲ, ਮਨਜੀਤ ਸਿੰਘ ਰਾਏਪੁਰ ਸਮੇਤ ਸਮੱੁਚੇ ਕਿਸਾਨ ਆਗੂ ਸਾਨੂੰ ਸਮਾਂ ਦੇ ਕੇ ਇਸ ਸਮੱਸਿਆ ਦਾ ਹੱਲ ਕੱਢਣ ਲਈ ਸਾਰਥਕ ਮਾਹੌਲ ਪੈਦਾ ਕਰਨ।
ਇਹ ਵੀ ਪੜ੍ਹੋ : ਕੈਪਟਨ ਨੇ ਅਗਲੀ ਰਣਨੀਤੀ ਅਧੀਨ ਹੁਣ ਚੋਣ ਸਰਗਰਮੀਆਂ ਸ਼ੁਰੂ ਕਰਨ ਦੇ ਦਿੱਤੇ ਸੰਕੇਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            