ਅਕਾਲੀ ਦਲ-ਬਸਪਾ ਸਰਕਾਰ ਬਣਨ ’ਤੇ ਕੀਤੀ ਜਾਵੇਗੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ : ਸੁਖਬੀਰ ਬਾਦਲ
Saturday, Nov 13, 2021 - 07:34 PM (IST)
ਮੁਕੇਰੀਆਂ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ-ਬਸਪਾ ਗੱਠਜੋੜ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹੈ ਤੇ ਇਕ ਵਾਰ ਸੱਤਾ ’ਚ ਆਉਣ ’ਤੇ ਉਹ ਐਕਟ ਪਾਸ ਕਰ ਕੇ ਖੰਡ ਮਿੱਲਾਂ ਲਈ ਗੰਨਾ ਉਤਪਾਦਕਾਂ ਦੇ ਬਕਾਏ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਦੇਣੇ ਲਾਜ਼ਮੀ ਕਰੇਗਾ। ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਇਸ ਹਲਕੇ ’ਚ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਖੰਡ ਮਿੱਲਾਂ ਤਕਰੀਬਨ ਇਕ-ਇਕ ਸਾਲ ਤੱਕ ਗੰਨਾ ਉਤਪਾਦਕਾਂ ਨੂੰ ਉਨ੍ਹਾਂ ਦੇ ਬਕਾਏ ਅਦਾ ਨਹੀਂ ਕਰਦੀਆਂ। ਇਹ ਪ੍ਰਵਾਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵੇਂ ਐਕਟ ’ਚ ਇਹ ਵਿਵਸਥਾ ਹੋਵੇਗੀ ਕਿ ਜੇਕਰ ਉਨ੍ਹਾਂ ਨੇ ਗੰਨਾ ਪਿੜਾਈ ਦੇ ਸੀਜ਼ਨ ਦੇ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਕਿਸਾਨਾਂ ਨੂੰ ਬਕਾਏ ਅਦਾ ਨਾ ਕੀਤੇ ਤਾਂ ਫਿਰ ਖੰਡ ਮਿੱਲ ਮਾਲਕਾਂ ਦੇ ਖ਼ਿਲਾਫ ਕੇਸ ਵੀ ਦਰਜ ਕੀਤਾ ਜਾਵੇਗਾ।
ਇਹ ਵੀ ਪੜ੍ਹੋ : CM ਚੰਨੀ ਵੱਲੋਂ SAD ’ਤੇ ਲਾਏ ਇਲਜ਼ਾਮਾਂ ’ਤੇ ਭੜਕੇ ਹਰਸਿਮਰਤ ਬਾਦਲ, ਕੀਤੇ ਵੱਡੇ ਸਵਾਲ
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਖਿਆ ਕਿ ਉਹ ਗੰਨਾ ਉਤਪਾਦਕਾਂ ਨੂੰ 360 ਰੁਪਏ ਦਾ ਸਰਕਾਰੀ ਭਾਅ ਮਿਲਣਾ ਯਕੀਨੀ ਬਣਾਉਣ ਵਾਸਤੇ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਭਾਅ ਦੇ ਐਲਾਨ ਦੇ ਬਾਵਜੂਦ ਖੰਡ ਮਿੱਲਾਂ ਇਸ ਕੀਮਤ ’ਤੇ ਗੰਨੇ ਦੇ ਬਾਂਡ ਨਹੀਂ ਭਰ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਭਾਅ ਸਿਰਫ ਕਾਗਜ਼ਾਂ ਤੱਕ ਸੀਮਤ ਨਾ ਰਹੇ। ਮੁਕੇਰੀਆਂ, ਜਿਥੇ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਾਰ ਸਰਬਜੋਤ ਸਾਬੀ ਦੇ ਹੱਕ ’ਚ ਪ੍ਰਚਾਰ ਕੀਤਾ, ਵਿਖੇ ਲੋਕਾਂ ਨੇ ਹਲਕੇ ’ਚ ਵੱਡੀ ਪੱਧਰ ’ਤੇ ਨਾਜਾਇਜ਼ ਮਾਈਨਿੰਗ ਖ਼ਿਲਾਫ ਸ਼ਿਕਾਇਤ ਕੀਤੀ। ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਗੰਢਤੁੱਪ ਬਾਰੇ ਪਤਾ ਹੈ ਤੇ ਉਨ੍ਹਾਂ ਨੇ ਇਸ ਸਾਲ ਜੁਲਾਈ ’ਚ ਇਲਾਕੇ ਦੇ ਦੌਰੇ ਸਮੇਂ ਆਪ ਇਹ ਵੇਖਿਆ ਸੀ। ਲੋਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਰੇਤਾ ਸਾਢੇ ਪੰਜ ਰੁਪਏ ਪ੍ਰਤੀ ਫੁੱਟ ਮਿਲਣ ਦੇ ਦਾਅਵੇ ਦੀ ਥਾਂ ’ਤੇ ਅਸਲ ਵਿਚ ਇਹ 20 ਰੁਪਏ ਫੁੱਟ ਤੋਂ ਵੀ ਜ਼ਿਆਦਾ ਮਹਿੰਗਾ ਮਿਲ ਰਿਹਾ ਹੈ। ਬਾਦਲ ਨੇ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ’ਤੇ ਸੂਬੇ ਵਿਚੋਂ ਗੈਰ-ਕਾਨੂੰਨੀ ਮਾਈਨਿੰਗ ਖ਼ਤਮ ਕੀਤੀ ਜਾਵੇਗੀ ਅਤੇ ਰੇਤਾ ਘੱਟ ਕੀਮਤ ’ਤੇ ਲੋਕਾਂ ਨੂੰ ਉਪਲੱਬਧ ਕਰਵਾਇਆ ਜਾਵੇਗਾ।
ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਸਾਰੇ ਝੋਨੇ ਦੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਮੁਕੰਮਲ ਕੀਤੇ ਬਗੈਰ ਹੀ ਮੰਡੀਆਂ ਬੰਦ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਕਿਸਾਨ ਵਿਰੋਧੀ ਫ਼ੈਸਲੇ ਕਾਰਨ ਲੱਖਾਂ ਟਨ ਝੋਨਾ ਖਰੀਦਿਆ ਨਹੀਂ ਜਾ ਸਕੇਗਾ ਤੇ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਕੇਂਦਰ ਸਰਕਾਰ ਦੇ ਏਜੰਡੇ ’ਤੇ ਚੱਲ ਰਹੀ ਹੈ ਤੇ ਕੇਂਦਰ ਸਰਕਾਰ ਝੋਨੇ ਦੀ ਖਰੀਦ ’ਚ ਵੱਡੀ ਕਟੌਤੀ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਡੀ. ਏ. ਪੀ. ਢੁੱਕਵੀਂ ਸਪਲਾਈ ਪ੍ਰਦਾਨ ਕਰਨ ’ਚ ਨਾਕਾਮ ਰਹਿਣ ’ਤੇ ਇਸ ਦੀ ਕਾਲਾਬਾਜ਼ਾਰੀ ਰੋਕਣ ’ਚ ਨਾਕਾਮ ਰਹਿਣ ਦੀ ਵੀ ਨਿਖੇਧੀ ਕੀਤੀ। ਬਾਦਲ ਨੇ ਇਹ ਵੀ ਦੱਸਿਆ ਕਿ ਸਰਕਾਰ ਕਮਜ਼ੋਰ ਵਰਗਾਂ ਦੀ ਹਾਲਤ ਸੁਧਾਰਨ ਲਈ ਵੀ ਵਚਨਬੱਧ ਹੈ ਤੇ ਜੋ ਔਰਤਾਂ ਪਰਿਵਾਰ ਦੀ ਅਗਵਾਈ ਕਰਦੀਆਂ ਹਨ, ਉਨ੍ਹਾਂ ਨੂੰ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਬਣਨ ’ਤੇ ਹਰ ਮਹੀਨੇ 2000 ਰੁਪਏ ਦੀ ਗ੍ਰਾਂਟ ਦਿੱਤੀ ਜਾਇਆ ਕਰੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵਿਦਿਆਰਥੀ ਸਟੂਡੈਂਟ ਕਰਜ਼ਾ ਲੈ ਸਕਣਗੇ, ਜਿਸ ਨੂੰ ਸੂਬਾ ਸਰਕਾਰ ਭਰੇਗੀ ਅਤੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਲਈ ਪ੍ਰੋਫੈਸ਼ਨਲ ਕਾਲਜਾਂ ’ਚ 33 ਫੀਸਦੀ ਰਾਖਵਾਂਕਰਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਇਹ ਵੀ ਯਕੀਨੀ ਬਣਾਵਾਂਗੇ ਕਿ ਉਦਯੋਗਿਕ ਇਕਾਈਆਂ ’ਚ 75 ਫੀਸਦੀ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਹੋਣ। ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸੈਂਕੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਿੱਘਾ ਸਵਾਗਤ ਕੀਤਾ, ਜੋ ਉਨ੍ਹਾਂ ਦੇ ਅੱਗੇ ਰੋਡ ਸ਼ੋਅ ਲੈ ਕੇ ਸ਼ਹਿਰ ’ਚ ਦਾਖਲ ਹੋਇਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਲੰਘਦੇ ਸਮੇਂ ਸ਼ਹਿਰ ਦੇ ਲੋਕਾਂ ਤੋਂ ਰੋਡ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ। ਮਹਾਰਾਣਾ ਪ੍ਰਤਾਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਬਾਦਲ ਨੇ ਮਹਾਨ ਜਰਨੈਲ ਦਾ ਵੱਡਾ ਬੁੱਤ ਲਾਉਣ ਦਾ ਵੀ ਐਲਾਨ ਕੀਤਾ। ਹਲਕੇ ’ਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਬਾਦਲ ਨੇ ਕਲੋਟਾ ਮੰਦਿਰ ਵਿਖੇ ਮੱਥਾ ਟੇਕਿਆ ਤੇ ਖਿਲਚੀਆਂ, ਚਨੌਰ, ਪੰਕੂ, ਹਾਜੀਪੁਰ ਤੇ ਮਹਿਤਪੁਰ ’ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ