ਲੱਖਾਂ ਲਿਟਰ ਫੜ੍ਹੀ ਗਈ ਲਾਹਣ 'ਤੇ ਅਕਾਲੀ-ਭਾਜਪਾ ਨੇ ਚੁੱਕੇ ਸਵਾਲ

Friday, Aug 07, 2020 - 02:33 PM (IST)

ਲੱਖਾਂ ਲਿਟਰ ਫੜ੍ਹੀ ਗਈ ਲਾਹਣ 'ਤੇ ਅਕਾਲੀ-ਭਾਜਪਾ ਨੇ ਚੁੱਕੇ ਸਵਾਲ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) :ਪੰਜਾਬ ਵਿਚ ਅਚਾਨਕ ਫੜ੍ਹੀ ਜਾ ਰਹੀ ਨਾਜਾਇਜ਼ ਸਰਾਬ 'ਤੇ ਸਵਾਲ ਉਠਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਨੇਤਾਵਾ ਨੇ ਪੁੱਛਿਆ ਕਿ ਪਿਛਲੇ ਸਾਢੇ ਤਿੰਨ ਸਾਲ ਸਰਕਾਰ ਕੀ ਕਰ ਰਹੀ ਸੀ? ਪਹਿਲਾਂ ਅਜਿਹੀਆਂ ਛਾਪੇਮਾਰੀਆਂ ਕਿਉਂ ਨਹੀਂ ਕੀਤੀਆਂ ਗਈਆਂ? ਵੀਰਵਾਰ ਨੂੰ ਅਕਾਲੀ-ਭਾਜਪਾ ਦੇ ਇਕ ਵਫ਼ਦ ਨੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਨੂੰ ਤਤਕਾਲ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਵਫਦ ਨੇ ਗ਼ੈਰ-ਕਾਨੂੰਨੀ ਸ਼ਰਾਬ ਦੇ ਵਪਾਰ ਨਾਲ ਕਾਂਗਰਸੀ ਨੇਤਾਵਾਂ ਵਲੋਂ ਕਮਾਈ ਜਾਇਦਾਦ ਦੀ ਈ. ਡੀ. ਜਾਂਚ ਤੋਂ ਇਲਾਵਾ ਹਾਈ ਕੋਰਟ ਜਾਂ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੀ ਸਿਫਾਰਿਸ਼ ਕਰਨ ਦੀ ਬੇਨਤੀ ਕੀਤੀ ਹੈ। ਸੁਖਬੀਰ ਬਾਦਲ ਅਤੇ ਭਾਜਪਾ ਲੀਡਰ ਮਨੋਰੰਜਨ ਕਾਲੀਆ ਦੀ ਅਗਵਾਈ 'ਚ ਅਕਾਲੀ-ਭਾਜਪਾ ਵਫਦ ਨੇ ਰਾਜਪਾਲ ਨੂੰ ਇਹ ਵੀ ਬੇਨਤੀ ਕੀਤੀ ਕਿ ਡਿਸਟਿਲਰੀਜ਼ ਤੋਂ ਐਕਸਟ੍ਰਾ ਨਿਊਟਰਲ ਐਲਕੋਹਲ (ਈ. ਐੱਨ. ਏ.) ਦੀ ਸਮੱਗਲਿੰਗ ਰੋਕੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੇ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ 'ਤੇ ਦੋਸ਼ ਲਾਏ ਹਨ, ਇਸ ਲਈ ਉਸ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ।

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲਾ : ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਸੁੱਟਣ ਦੀ ਜ਼ਿੰਮੇਵਾਰੀ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸਿਰ

ਪੀੜਤ ਪਰਿਵਾਰ ਦੀ ਮੈਂਬਰ ਕਮਲਜੀਤ ਕੌਰ ਨੇ ਲਾਏ ਦੋਸ਼
ਪੀੜਤ ਪਰਿਵਾਰ ਦੀ ਮੈਂਬਰ ਕਮਲਜੀਤ ਕੌਰ ਨੇ ਰਾਜਪਾਲ ਨੂੰ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਖਡੂਰ ਸਾਹਿਬ ਦੇ ਵਿਧਾਇਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਉਦੋਂ ਤੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਲਈ 2 ਲੱਖ ਰੁਪਏ ਦਾ ਮੁਆਵਜ਼ਾ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ, ਜੋ ਕਿ ਹੋਰ ਪੀੜਤ ਪਰਿਵਾਰਾਂ ਨੂੰ ਦਿੱਤਾ ਗਿਆ ਸੀ।

ਦੋਸ਼ ਦੇ ਬਾਵਜੂਦ ਵਿਧਾਇਕਾਂ 'ਤੇ ਕਾਰਵਾਈ ਨਹੀਂ
ਸੁਖਬੀਰ ਨੇ ਕਿਹਾ ਕਿ ਰਾਜਪੁਰਾ ਅਤੇ ਖੰਨਾ 'ਚ ਗ਼ੈਰ-ਕਾਨੂੰਨੀ ਸ਼ਰਾਬ ਮਾਮਲੇ 'ਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਥੇ ਹੀ, ਕਾਂਗਰਸ ਦੇ 2 ਵਿਧਾਇਕਾਂ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ 'ਤੇ ਮੁੱਖ ਮੁਲਜ਼ਮਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲੱਗਣ ਦੇ ਬਾਵਜੂਦ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀ ਕੀਤੀ ਗਈ। ਸਰਕਾਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਈ. ਡੀ. ਤੱਕ ਕੇਸ ਫਾਈਲਾਂ ਪਹੁੰਚਾਣ ਤੱਕ ਤੋਂ ਇਨਕਾਰ ਕਰ ਦਿੱਤਾ, ਜਿਸ 'ਚ ਸੰਕੇਤ ਮਿਲ ਗਿਆ ਕਿ ਉਹ ਇਸ ਮਾਮਲੇ 'ਚ ਪੈਸੇ ਦੀ ਵੰਡ ਨੂੰ ਉਜਾਗਰ ਨਹੀਂ ਕਰਨਾ ਚਾਹੁੰਦੀ ਹੈ। ਵਫ਼ਦ ਨੇ ਕਿਹਾ ਕਿ ਸ਼ਰਾਬ ਸਮੱਗਲਿੰਗ 'ਚ ਸ਼ਾਮਲ ਹੋਣ ਅਤੇ ਈ. ਐੱਨ. ਦੀ ਗ਼ੈਰ-ਕਾਨੂੰਨੀ ਤੌਰ 'ਤੇ ਬਾਜ਼ਾਰ 'ਚ ਵਿਕਰੀ ਦੇ ਮੁਲਜ਼ਮ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਸਮੇਤ ਕਾਂਗਰਸ ਸਹਿਯੋਗੀਆ ਵਲੋਂ ਸੰਚਾਲਿਤ 2 ਡਿਸਟਿੱਲਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਫ਼ਦ 'ਚ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋਂ ਅਤੇ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਨਵ-ਵਿਆਹੀ ਕੁੜੀ, ਅਖੀਰ ਹੱਥੀਂ ਗਲ ਲਾ ਲਈ ਮੌਤ

ਰਾਹੁਲ ਇਸ ਤ੍ਰਾਸਦੀ 'ਤੇ ਚੁੱਪ ਕਿਉਂ : ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜ-ਮਹਿਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਅਤੇ ਰਾਹੁਲ ਗਾਂਧੀ ਇਸ ਤ੍ਰਾਸਦੀ ਬਾਰੇ ਚੁੱਪ ਹਨ, ਕਿਉਂਕਿ ਸ਼ਰਾਬ ਦੇ ਗ਼ੈਰ-ਕਾਨੂੰਨੀ ਕਾਰੋਬਾਰ ਤੋਂ ਆਉਣ ਵਾਲਾ ਪੈਸਾ ਕਾਂਗਰਸ ਆਲਾਕਮਾਨ ਤਕ ਜਾ ਰਿਹਾ ਸੀ।


author

Anuradha

Content Editor

Related News