ਡੇਰਾ ਸੱਚਾ ਸੌਦਾ ਤੋਂ ਸਮਰਥਨ ਲੈਣ ਪਿੱਛੋਂ ਅਕਾਲੀ ਦਲ ਤੇ ਭਾਜਪਾ ਦੀ ਆਪਸੀ ਸਾਂਝ ਉਜਾਗਰ ਹੋਈ : ਚੰਨੀ

Monday, Feb 21, 2022 - 03:19 PM (IST)

ਡੇਰਾ ਸੱਚਾ ਸੌਦਾ ਤੋਂ ਸਮਰਥਨ ਲੈਣ ਪਿੱਛੋਂ ਅਕਾਲੀ ਦਲ ਤੇ ਭਾਜਪਾ ਦੀ ਆਪਸੀ ਸਾਂਝ ਉਜਾਗਰ ਹੋਈ : ਚੰਨੀ

ਜਲੰਧਰ (ਧਵਨ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਡੇਰਾ ਸੱਚਾ ਸੌਦਾ ਤੋਂ ਮਾਲਵਾ ਖੇਤਰ 'ਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਸਮਰਥਨ ਲੈਣ ਨਾਲ ਉਨ੍ਹਾਂ ਦੀ ਆਪਸੀ ਸਾਂਝ ਜਨਤਕ ਹੋ ਗਈ ਹੈ ਅਤੇ ਬੇਅਦਬੀ ਲਈ ਜ਼ਿੰਮੇਵਾਰ ਇਨ੍ਹਾਂ ਦੋਵਾਂ ਸਹਿਯੋਗੀਆਂ ਨੂੰ ਪੰਜਾਬ ਦੇ ਲੋਕ ਸਬਕ ਸਿਖਾਉਣ ਲਈ ਤਿਆਰ ਹਨ। ਮੁੱਖ ਮੰਤਰੀ ਚੰਨੀ ਨੇ ਭਗਵਾਨ ਸ਼ਿਵ ਮੰਦਿਰ 'ਚ ਜਲ-ਅਭਿਸ਼ੇਕ ਕਰਨ ਅਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਟਵੀਟ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਹਿ ਰਹੇ ਸਨ ਕਿ ਅਕਾਲੀ ਤੇ ਭਾਜਪਾਈ ਆਪਸ ’ਚ ਅੰਦਰਖਾਤੇ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੇ ਹੀ ਮਾਲਵਾ ਵਿਚ ਡੇਰਾ ਸੱਚਾ ਸੌਦਾ ਤੋਂ ਸਮਰਥਨ ਲਿਆ ਹੈ।

ਇਹ ਵੀ ਪੜ੍ਹੋ : ਮਾਮਲਾ ਚੋਣਾਂ ਵਾਲੇ ਦਿਨ ਹੋਏ 2 ਨੌਜਵਾਨਾਂ ਦੇ ਕਤਲ ਦਾ, ਰੋਡ ਜਾਮ ਕਰ ਪੀੜਤ ਪਰਿਵਾਰਾਂ ਨੇ ਕੀਤੀ ਇਹ ਮੰਗ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਅਤੇ ‘ਆਪ’ ਦੇ ਕੁਝ ਉਮੀਦਵਾਰਾਂ ਨੇ ਵੀ ਮਾਲਵਾ ਖੇਤਰ ਵਿਚ ਡੇਰਾ ਸੱਚਾ ਸੌਦਾ ਤੋਂ ਸਮਰਥਨ ਲਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ ਵਿਚ ਡੇਰੇ ਦੀ ਮਦਦ ਲਈ ਹੈ। ਇਨ੍ਹਾਂ ਪਾਰਟੀਆਂ ਵਿਚ ਪਾਈ ਜਾ ਰਹੀ ਨਿਰਾਸ਼ਾ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਬਹੁਮਤ ਨਾਲ ਪੰਜਾਬ 'ਚ ਮੁੜ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਦੋ ਤਿਹਾਈ ਬਹੁਮਤ ਵੀ ਹਾਸਲ ਕਰ ਸਕਦੀ ਹੈ ਕਿਉਂਕਿ ਸੂਬੇ ਦੇ ਲੋਕਾਂ ਨੇ ਕਦੇ ਵੀ ਅਧੂਰਾ ਫਤਵਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੁਬਾਰਾ ਸਰਕਾਰ ਬਣਾਉਂਦੀ ਹੈ ਤਾਂ ਉਹ ਆਪਣੇ ਅਧੂਰੇ ਪਏ ਕੰਮਾਂ ਨੂੰ ਪੂਰਾ ਕਰ ਕੇ ਜਨਤਾ ਨੂੰ ਰਾਹਤ ਦੇਣਗੇ ਅਤੇ ਪੰਜਾਬ ਨੂੰ ਆਰਥਿਕ ਖੁਸ਼ਹਾਲੀ ਵੱਲ ਲਿਜਾਣ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ : ਜਿੱਤ-ਹਾਰ ਦਾ ਮੁਲਾਂਕਣ ਸ਼ੁਰੂ, ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ’ਚ ਕੈਦ​​​​​​​

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News