ਆਖਿਰ ਟੁੱਟਿਆ ਅਕਾਲੀ-ਭਾਜਪਾ ਗਠਜੋੜ, ਇਕੱਲਿਆਂ ਚੋਣ ਲੜੇਗੀ ਤੱਕੜੀ!
Monday, Jan 20, 2020 - 06:52 PM (IST)
ਨਵੀਂ ਦਿੱਲੀ/ਚੰਡੀਗੜ੍ਹ (ਕਮਲ ਕਾਂਸਲ)— ਪੰਜਾਬ 'ਚ ਦੱਸ ਸਾਲ ਦੀ ਸੱਤਾ ਭੋਗਣ ਤੋਂ ਬਾਅਦ ਸਿੱਧਾ ਤੀਜੇ ਨੰਬਰ 'ਤੇ ਆਉਣ ਵਾਲਾ ਅਕਾਲੀ ਦਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਿੱਲੀ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜ਼ਮਾਉਣਾ ਜਾ ਰਿਹਾ ਹੈ। ਫਰਕ ਸਿਰਫ ਇਨਾਂ ਹੈ ਕਿ ਪਿਛਲੀ ਵਾਰ ਅਕਾਲੀ ਦਲ ਦੇ ਉਮੀਦਵਾਰ ਫੁੱਲ ਦੇ ਨਿਸ਼ਾਨ 'ਤੇ ਵੀ ਚੋਣ ਲੜ ਗਏ ਸਨ ਜਦਕਿ ਹੁਣ ਭਾਜਪਾ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਤੋਂ ਬਾਅਦ ਅਕਾਲੀ ਦਲ ਨੇ ਚਾਰ ਸੀਟਾਂ ਤੋਂ ਸਿੱਧਾ 70 ਸੀਟਾਂ ਦੀ ਛਲਾਂਗ ਮਾਰੀ ਹੈ। ਪਾਰਟੀ ਦੇ ਸਿਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕੁੱਝ ਅਜਿਹਾ ਹੀ ਇਸ਼ਾਰਾ ਕੀਤਾ ਹੈ। ਭੂੰਦੜ ਨੇ ਕਿਹਾ ਕਿ ਜੇਕਰ ਦੋਵਾਂ ਪਾਰਟੀਆਂ ਵਿਚਾਲੇ ਸਮਝੌਤਾ ਹੁੰਦਾ ਹੈ ਤਾਂ ਚਾਰ ਸੀਟਾਂ 'ਤੇ ਚੋਣ ਲੜਾਂਗੇ ਨਹੀਂ ਤਾਂ ਵੱਧ 'ਤੇ। ਉਨ੍ਹਾਂ ਕਿਹਾ ਕਿ ਦਿੱਲੀ 'ਚ ਸਾਡੀ ਗੱਲਬਾਤ ਰੁਕ ਗਈ ਹੈ ਅਤੇ ਅਸੀਂ ਆਪਣੇ ਵਰਕਰਾਂ ਨੂੰ ਚੋਣ ਲੜਨ ਲਈ ਕਹਿ ਦਿੱਤਾ ਹੈ।
ਪੰਜਾਬ 'ਚ ਭਾਰਤੀ ਜਨਤਾ ਪਾਰਟੀ ਇਕੱਲਿਆਂ ਵਿਧਾਨ ਸਭਾ ਚੋਣ ਲੜਨਾ ਚਾਹੁੰਦੀ ਹੈ। ਅਕਾਲੀ ਦਲ ਟਕਸਾਲੀ ਵੱਖ ਹੋ ਕੇ ਸੁਖਬੀਰ ਬਾਦਲ ਨੂੰ ਚੁਣੋਤੀ ਦੇ ਰਹੇ ਹਨ। ਹੁਣ ਦਿੱਲੀ 'ਚ ਅਕਾਲੀ ਦਲ ਦੀ ਬਗਾਵਤ ਪੰਜਾਬ ਦੀ ਸਿਆਸਤ 'ਚ ਅਹਿਮ ਮੋੜ ਲਿਆ ਸਕਦੀ ਹੈ।