ਦਿੱਲੀ ਤੇ ਚੰਡੀਗੜ੍ਹ ’ਚ ਪੰਜਾਬੀ ਖ਼ਬਰਾਂ ਦਾ ਬੁਲੇਟਿਨ ਬੰਦ ਕਰਨ ਦੇ ਫੈਸਲੇ ’ਤੇ SAD ਨੇ ਦਿੱਤੀ ਪ੍ਰਤੀਕਿਰਿਆ

05/28/2023 2:00:42 AM

ਚੰਡੀਗੜ੍ਹ (ਅਸ਼ਵਨੀ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਆਪਣੇ ਦਿੱਲੀ ਤੇ ਚੰਡੀਗੜ੍ਹ ਕੇਂਦਰਾਂ ਤੋਂ ਪੰਜਾਬੀ ਖ਼ਬਰਾਂ ਦਾ ਪ੍ਰਸਾਰਣ ਬੰਦ ਕਰਨ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਕਿਉਂਕਿ ਇਹ ਬੁਲੇਟਿਨ ਵੱਡੀ ਪੰਜਾਬੀ ਆਬਾਦੀ ਨੂੰ ਧਿਆਨ ਵਿਚ ਰੱਖਦਿਆਂ ਪ੍ਰਸਾਰਿਤ ਹੋ ਰਹੇ ਸਨ ਤੇ ਇਸ ਨੂੰ ਜਨਹਿੱਤ ਵਿਚ ਜਾਰੀ ਰੱਖਣ ਦੀ ਅਪੀਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਮਨੁੱਖੀ ਤਸਕਰੀ ਤੇ ਜਾਅਲੀ ਏਜੰਟਾਂ ਖ਼ਿਲਾਫ਼ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ

ਇਥੇ ਜਾਰੀ ਕੀਤੇ ਇਕ ਬਿਆਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਤੇ ਚੰਡੀਗੜ੍ਹ ਕੇਂਦਰ ਤੋਂ ਪੰਜਾਬੀ ਖ਼ਬਰਾਂ ਬੰਦ ਕਰਨ ਦੇ ਪ੍ਰਸਾਰ ਭਾਰਤੀ ਦੇ ਅਚਨਚੇਤ ਫੈਸਲੇ ਨਾਲ ਦੋਵਾਂ ਸ਼ਹਿਰਾਂ ਵਿਚ ਰਹਿੰਦੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ, ਜੋ ਬੁਲੇਟਿਨ ਜਾਰੀ ਰੱਖਣ ਦੇ ਪੱਖ ਵਿਚ ਹਨ। ਉਨ੍ਹਾਂ ਕਿਹਾ, ‘ਇਹ ਖ਼ਬਰਾਂ ਬੰਦ ਕਰਨ ਨਾਲ ਕੌਮੀ ਰਾਜਧਾਨੀ ਤੇ ਸੂਬੇ ਦੇ ਰਾਜਧਾਨੀ ਸ਼ਹਿਰਾਂ ਵਿਚ ਪੰਜਾਬੀਆਂ ਨੂੰ ਤਾਜ਼ਾ ਖ਼ਬਰਾਂ ਤੋਂ ਜਾਣੂ ਹੋਣ ਦਾ ਮੌਕਾ ਨਹੀਂ ਮਿਲੇਗਾ।

ਇਹ ਵੀ ਪੜ੍ਹੋ - 18 ਲੱਖ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਖੁੱਲ੍ਹਿਆ ਭੇਤ ਤਾਂ ਮੁੰਡੇ ਦੇ ਪੈਰਾਂ ਹੇਠਾਂ ਖਿਸਕੀ ਜ਼ਮੀਨ

ਡਾ. ਚੀਮਾ ਨੇ ਕਿਹਾ ਕਿ ਚੰਡੀਗੜ੍ਹ ਤੋਂ ਪੰਜਾਬੀ ਖ਼ਬਰਾਂ ਦਾ ਬੁਲੇਟਿਨ ਬੰਦ ਕਰਨ ਦਾ ਫੈਸਲਾ ਪੰਜਾਬ ਨਾਲ ਵਿਤਕਰਾ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਚੰਡੀਗੜ੍ਹ ’ਤੇ ਦਾਅਵੇ ਨੂੰ ਹੋਰ ਖੋਰਾ ਲੱਗੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਦੋ ਖ਼ਬਰਾਂ ਦੇ ਬੁਲੇਟਿਨ ਦੇ ਨਾਲ-ਨਾਲ ਹਫ਼ਤਾਵਾਰੀ ਰਾਊਂਡਅਪ ਪ੍ਰਸਾਰਿਤ ਕੀਤੇ ਗਏ। ਪ੍ਰਸਾਰ ਭਾਰਤੀ ਨੇ ਇਸ ਕੰਮ ਵਿਚ ਲੱਗੇ ਸਟਾਫ ਦੇ ਨਾਲ-ਨਾਲ ਦਿੱਲੀ ਵਿਚ ਪੰਜਾਬੀ ਬੁਲੇਟਿਨ ਤਿਆਰ ਕਰਨ ਵਾਲੇ ਸਟਾਫ਼ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ।

ਇਸ ਨਾਲ ਦਿੱਲੀ ਤੇ ਚੰਡੀਗੜ੍ਹ ਦੋਵਾਂ ਥਾਵਾਂ ਤੋਂ ਪ੍ਰਸਾਰਿਤ ਹੁੰਦੇ ਪੰਜਾਬੀ ਬੁਲੇਟਿਨ ਦੀ ਕੁਆਲਿਟੀ ’ਤੇ ਫਰਕ ਪਵੇਗਾ ਕਿਉਂਕਿ ਦਿੱਲੀ ਅਤੇ ਚੰਡੀਗੜ੍ਹ ਦੋਵਾਂ ਕੇਂਦਰਾਂ ਤੋਂ ਪੰਜਾਬੀ ਖ਼ਬਰਾਂ ਦੇਣ ਵਾਲੇ ਰਿਪੋਰਟਰ ਕੌਮੀ ਰਾਜਧਾਨੀ ਦੇ ਨਾਲ-ਨਾਲ ਚੰਡੀਗੜ੍ਹ ਵਿਚ ਹੋਣ ਵਾਲੇ ਸਾਰੇ ਮਾਮਲਿਆਂ ਦੀ ਤਾਜ਼ਾ ਜਾਣਕਾਰੀ ਦਿੰਦੇ ਹਨ। ਇਸ ਫੈਸਲੇ ਨਾਲ ਸੰਸਦ, ਸੁਪਰੀਮ ਕੋਰਟ, ਦਿੱਲੀ ਦੇ ਮੰਤਰਾਲਿਆਂ ਦੇ ਨਾਲ-ਨਾਲ ਵਿਧਾਨ ਸਭਾ ਤੇ ਹਾਈ ਕੋਰਟ ਵਰਗੀਆਂ ਸੰਸਥਾਵਾਂ ਦੀ ਹੁੰਦੀ ਕਵਰੇਜ ਪ੍ਰਭਾਵਿਤ ਹੋਵੇਗੀ। ਡਾ. ਚੀਮਾ ਨੇ ਇਨ੍ਹਾਂ ਸਾਰੇ ਪੰਜਾਬੀ ਵਿਰੋਧੀ ਫੈਸਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।


Manoj

Content Editor

Related News