ਕਾਂਗਰਸ ਸਰਕਾਰ ਦੀ ਗੁੰਡਾਗਰਦੀ ਨੇ ਮੁਗਲ ਰਾਜ ਨੂੰ ਵੀ ਮਾਤ ਪਾਈ : ਬਾਦਲ

12/21/2017 4:23:53 PM

ਮਾਨਸਾ/ਬੁਢਲਾਡਾ (ਮਿੱਤਲ/ਮਨਜੀਤ) — ਕਾਂਗਰਸ ਸਰਕਾਰ ਨੇ ਨਗਰ ਨਿਗਮ ਚੋਣਾਂ 'ਚ ਗੁੰਡਾਗਰਦੀ ਕਰਕੇ ਮੁਗਲ ਰਾਜ ਨੂੰ ਵੀ ਮਾਤ ਪਾ ਦਿੱਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰਾਂ ਨੇ ਕਾਂਗਰਸ ਦੇ ਅੱਤਿਆਚਾਰ ਨੂੰ ਜਿੱਥੇ ਆਪਣੇ ਸਰੀਰ ਤੇ ਹੰਢਾਇਆ ਅਤੇ ਉੱਥੇ ਹੀ ਦਰਜ ਕੀਤੇ ਝੂਠੇ ਪਰਚਿਆਂ ਨੂੰ ਵੀ ਵੰਗਾਰਿਆ। ਇਹ ਸ਼ਬਦ ਅੱਜ ਇੱਥੇ ਜਗਤ ਪੈਲੇਸ ਵਿਖੇ ਇੱਕ ਵਿਆਹ ਦੇ ਸਮਾਗਮ ਦੌਰਾਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ । ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਪੰਚਾਇਤੀ ਚੋਣਾਂ 'ਚ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਨਾਲ ਨਜਿੱਠਣ ਲਈ ਬੂਥ ਪੱਧਰ ਤੇ ਟਕਸਾਲੀ ਵਰਕਰਾਂ ਦੀਆਂ 11 ਤੋਂ ਲੈ ਕੇ 20 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ 'ਚ ਗੈਂਗਸਟਰ ਵਾਰ ਦਾ ਦਿਨੋ-ਦਿਨ ਬੋਲਬਾਲਾ ਵਧ ਰਿਹਾ ਹੈ ਪਰ ਮੌਜੂਦਾ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਇਕ ਸਵਾਲ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ 100 ਵਾਅਦੇ ਪੂਰੇ ਕਰਨ ਦੇ ਦਿੱਤੇ ਬਿਆਨ ਨੂੰ ਝੂਠ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ 100 ਕੀਤੇ ਵਾਅਦੇ ਦੀ ਲਿਸਟ ਜਨਤਕ ਤੌਰ 'ਤੇ ਜਾਰੀ ਕਰਨ । ਜਦਕਿ ਸਰਕਾਰ ਨੇ ਇਕੋ-ਇਕ ਕੰਮ ਬਦਲਾਖੋਰੀ ਦੀ ਨੀਤੀ ਤੇ ਚੱਲਦਿਆਂ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਅਖੀਰ 'ਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਮੇਰਾ ਸਿਆਸੀ ਤਜਰਬਾ ਇਹ ਕਹਿੰਦਾ ਹੈ ਕਿ ਮੁੱਖ ਮੰਤਰੀ ਨੂੰ 24 ਘੰਟੇ ਬਾਜ ਵਾਲੀ ਅੱਖ ਰੱਖ ਕੇ ਜਾਗਣਾ ਚਾਹੀਦਾ ਹੈ । ਇਸ ਮੌਕੇ ਬੀਬੀ ਬਾਦਲ ਦੇ ਪੀ.ਏ ਅਨਮੋਲਪ੍ਰੀਤ ਸਿੰਘ ਸਿੱਧੂ, ਡਾ: ਨਿਸ਼ਾਨ ਸਿੰਘ, ਜਿਲ੍ਹਾ ਪ੍ਰਧਾਨ ਦਿਹਾਤੀ ਮਾਨਸਾ ਗੁਰਮੇਲ ਸਿੰਘ ਫਫੜੇ, ਸਰਕਲ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਸਰਪੰਚ ਕੁਲਜੀਤ ਕੋਰ ਕੁਲਾਣਾ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਜ਼ਿਲਾ ਸ਼ਹਿਰੀ ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਅਰੋੜਾ ਤੇ ਅਵਤਾਰ ਸਿੰਘ ਫਫੜੇ ਤੋਂ ਇਲਾਵਾ ਹੋਰ ਵੀ ਮੋਜੂਦ ਸਨ।


Related News