ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 15 ਟਨ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਹੋਵੇਗੀ ਸਜਾਵਟ

10/13/2019 10:13:05 PM

ਅੰਮ੍ਰਿਤਸਰ,(ਦੀਪਕ) : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੇਗੀ, ਜਿਥੇ ਵੱਖ-ਵੱਖ ਤਰ੍ਹਾਂ ਦੇ ਦੇਸੀ ਤੇ ਵਿਦੇਸ਼ੀ ਫੁੱਲ ਸਜਾਵਟ ਲਈ ਵਰਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਇਕਬਾਲ ਸਿੰਘ ਮੁੰਬਈ ਵੱਲੋਂ ਫੁੱਲਾਂ ਦੀ ਸੇਵਾ ਆਰੰਭੀ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਜਾਵਟ ਲਈ 15 ਟਨ ਤੋਂ ਵੱਧ ਫੁੱਲ ਲਾਏ ਜਾਣਗੇ, ਜਿਨ੍ਹਾਂ 'ਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਈਗਰ ਆਰਕਿਡ, ਸਿੰਗਾਪੁਰੀ ਡਰਾਫਟ, ਸੁਗੰਧੀ ਭਰਪੂਰ ਸੋਨ ਚੰਪਾ, ਗੁਲਾਬ, ਸਟਾਰ, ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਥੋਨੀਅਮ ਤੇ ਹਾਈਡੈਂਜਰ ਵਿਸ਼ੇਸ਼ ਹਨ।

ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ 'ਚ ਕੋਲਕਾਤਾ, ਮੁੰਬਈ, ਪੁਣੇ, ਬੈਂਗਲੁਰੂ, ਹਾਲੈਂਡ, ਥਾਈਲੈਂਡ, ਮਲੇਸ਼ੀਆਂ ਮੁੱਖ ਹਨ। ਫੁੱਲ ਲਾਉਣ ਲਈ ਕੋਲਕਾਤਾ ਤੋਂ ਆਏ ਸੌ ਦੇ ਕਰੀਬ ਕਾਰੀਗਰ ਕੰਮ ਰਹੇ ਹਨ। ਇਸ ਤੋਂ ਇਲਾਵਾ ਮੁੰਬਈ ਤੋਂ ਵੀ 100 ਤੋਂ ਵੱਧ ਸੰਗਤਾਂ ਸਹਿਯੋਗ ਲਈ ਪੁੱਜੀਆਂ ਹਨ। ਉਨ੍ਹਾਂ ਦੱਸਿਆ ਕਿ ਫੁੱਲ ਲਾਉਣ ਦੀ ਆਰੰਭਤਾ ਅੱਜ ਕਰ ਦਿੱਤੀ ਗਈ ਹੈ, ਜੋ ਕੱਲ ਤੱਕ ਮੁਕੰਮਲ ਹੋ ਜਾਵੇਗੀ। ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਤਿਆਰੀ ਮੁਕੰਮਲ ਹਨ। ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਪੁੱਜ ਰਹੀਆਂ ਹਨ, ਜਿਨ੍ਹਾਂ ਲਈ ਫੁੱਲਾਂ ਦੀ ਸਜਾਵਟ ਆਕਰਸ਼ਣ ਬਣੇਗੀ। ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਸਜਾਵਟ ਜਿਥੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਰਿਕਰਮਾ 'ਚ ਸਥਿਤ ਹੋਰ ਅਸਥਾਨਾਂ ਵਿਖੇ ਕੀਤੀ ਜਾਵੇਗੀ, ਉਥੇ ਹੀ ਨਗਰ ਕੀਰਤਨ ਦੌਰਾਨ ਗੱਡੀਆਂ ਵੀ ਇਨ੍ਹਾਂ ਫੁੱਲਾਂ ਨਾਲ ਸ਼ਿੰਗਾਰੀਆਂ ਜਾਣਗੀਆਂ।


Related News