ਮਾਲੇਰਕੋਟਲਾ ਪੁਲਸ ਵੱਲੋਂ 3 ਹਥਿਆਰਬੰਦ ਹਿਸਟਰੀਸ਼ੀਟਰ ਗ੍ਰਿਫ਼ਤਾਰ, ਦੋ ਦੇਸੀ ਪਿਸਤੌਲ ਬਰਾਮਦ
Friday, Sep 04, 2026 - 06:31 PM (IST)
ਮਾਲੇਰਕੋਟਲਾ (ਜ਼ਹੂਰ): ਮਾਲੇਰਕੋਟਲਾ ਪੁਲਸ ਨੇ ਤਿੰਨ ਹਥਿਆਰਬੰਦ ਹਿਸਟਰੀਸ਼ੀਟਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਦੇਸੀ .32 ਬੋਰ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਈਦ ਸਹਿਮੂਨ ਉਰਫ਼ ਮੂਨ ਵਾਸੀ ਗਰੀਬ ਨਗਰੀ, ਈਦਗਾਹ ਰੋਡ, ਮਾਲੇਰਕੋਟਲਾ, ਮੁਹੰਮਦ ਸਮੀਰ ਉਰਫ਼ ਸਾਜੀ ਵਾਸੀ ਨੇੜੇ ਈਦਗਾਹ ਫਾਟਕ, ਇਮਾਮਗੜ੍ਹ ਰੋਡ, ਮਾਲੇਰਕੋਟਲਾ ਅਤੇ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ ਵਾਸੀ ਮੁਹੱਲਾ ਚੁਹੱਟਾ, ਮਾਲੇਰਕੋਟਲਾ ਵਜੋਂ ਹੋਈ ਹੈ।
ਐੱਸ.ਐੱਸ.ਪੀ. ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਸ ਟੀਮ ਨੇ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਅੰਜਾਮ ਦਿੱਤੀ। ਇਹ ਆਪ੍ਰੇਸ਼ਨ ਐੱਸ.ਪੀ. (ਇਨਵੈਸਟੀਗੇਸ਼ਨ) ਰਮਨਦੀਪ ਸਿੰਘ ਭੁੱਲਰ ਅਤੇ ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਦੀਪਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਮਹੋਰਾਣਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਏ.ਐੱਸ.ਆਈ. ਲਖਵਿੰਦਰ ਸਿੰਘ ਦੀ ਪੁਲਿਸ ਟੀਮ ਵੱਲੋਂ ਚਲਾਇਆ ਗਿਆ।
ਲੁਧਿਆਣਾ ਬਾਈਪਾਸ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਪੁਲਸ ਨੂੰ ਇਤਲਾਹ ਮਿਲੀ ਕਿ ਪਹਿਲਾਂ ਦਰਜ ਇਕ ਫਾਇਰਿੰਗ ਦੇ ਮਾਮਲੇ ਵਿਚ ਲੋੜੀਂਦੇ ਤਿੰਨੋਂ ਮੁਲਜ਼ਮ ਨੇੜਲੇ ਬਿਜਲੀ ਗਰਿੱਡ ਕੋਲ ਲੁਕੇ ਹੋਏ ਹਨ। ਪੁਲਿਸ ਨੇ ਤੁਰੰਤ ਮੌਕੇ ’ਤੇ ਛਾਪੇਮਾਰੀ ਕਰਕੇ ਤਿੰਨਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਸਈਦ ਸਹਿਮੂਨ ਉਰਫ਼ ਮੂਨ ਕੋਲੋਂ ਇੱਕ .32 ਬੋਰ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ, ਮੁਹੰਮਦ ਸਮੀਰ ਉਰਫ਼ ਸਾਜੀ ਕੋਲੋਂ ਇੱਕ .32 ਬੋਰ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਅਤੇ ਮੁਹੰਮਦ ਅਵੈਸ ਉਰਫ਼ ਬੰਸਰੀ ਵਾਲਾ ਕੋਲੋਂ 2 ਜਿੰਦਾ ਕਾਰਤੂਸ ਬਰਾਮਦ ਹੋਏ।
ਇਸ ਸਬੰਧੀ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਐੱਫ.ਆਈ.ਆਰ. ਨੰਬਰ 235 ਅਧੀਨ ਧਾਰਾ 25/54/59 ਆਰਮਜ਼ ਐਕਟ ਅਤੇ ਧਾਰਾ 112 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਅਤੇ ਪੁੱਛਗਿੱਛ ਤੋਂ ਬਾਅਦ ਕੇਂਦਰੀ ਜੇਲ੍ਹ, ਪਟਿਆਲਾ ਭੇਜ ਦਿੱਤਾ ਗਿਆ ਹੈ। ਐੱਸ.ਐੱਸ.ਪੀ. ਖੱਖ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਦਾ ਪਹਿਲਾਂ ਵੀ ਨਾਜਾਇਜ਼ ਹਥਿਆਰ ਰੱਖਣ ਅਤੇ ਫਾਇਰਿੰਗ ਨਾਲ ਸਬੰਧਤ ਮਾਮਲਿਆਂ ਵਿੱਚ ਅਪਰਾਧਿਕ ਪਿਛੋਕੜ ਰਿਹਾ ਹੈ।
