ਸੱਚਖੰਡ ਗੁਰਦੁਆਰਾ ਬੋਰਡ ਦਾ 61 ਕਰੋੜ ਦਾ ਕਰਜ਼ਾ ਮੁਆਫ
Wednesday, Jan 03, 2018 - 07:35 AM (IST)
ਮੋਹਾਲੀ (ਨਿਆਮੀਆਂ) - ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਲਾਨ ਕੀਤਾ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਸਾਲ 2007 'ਚ ਗੁਰਗੱਦੀ ਵਿਕਾਸ ਯੋਜਨਾ ਤਹਿਤ ਸੱਚਖੰਡ ਗੁਰਦੁਆਰਾ ਬੋਰਡ ਨੂੰ ਦਿੱਤਾ ਗਿਆ 61 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਉਹ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਵਸ ਦੇ ਸਮਾਪਤੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਫੜਨਵੀਸ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਸਿੱਖ ਗੁਰੂਆਂ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਆਪਣੇ ਮਾਤਾ, ਪਿਤਾ, ਪੁੱਤਰਾਂ ਤੇ ਜਾਨ ਤੋਂ ਪਿਆਰੇ ਸਿੰਘਾਂ ਨੂੰ ਦੇਸ਼ ਤੇ ਧਰਮ ਦੀ ਰੱਖਿਆ ਲਈ ਕੁਰਬਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਗੁਰੂ ਜੀ ਦੇ ਦੇਸ਼ 'ਤੇ ਕੀਤੇ ਗਏ ਉਪਕਾਰਾਂ ਬਾਰੇ ਦੱਸਿਆ ਜਾਣਾ ਬਹੁਤ ਹੀ ਜ਼ਰੂਰੀ ਹੈ।
ਗੁਰਦੁਆਰਾ ਸੱਚਖੰਡ ਬੋਰਡ ਦੇ ਕਰਜ਼ੇ ਸਬੰਧੀ ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਫਾਈਲ ਮੰਗਵਾ ਕੇ ਵੇਖੀ ਤਾਂ ਉਸ 'ਚ ਸਪੱਸ਼ਟ ਲਿਖਿਆ ਹੈ ਕਿ ਗੁਰਦੁਆਰਾ ਨੰਦੇੜ ਨੂੰ 61 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀ, ਜੋ ਉਨ੍ਹਾਂ ਨੂੰ ਠੀਕ ਨਹੀਂ ਲੱਗਾ। ਉਨ੍ਹਾਂ ਇਹ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਦਿਆਂ ਦੱਸਿਆ ਕਿ ਇਸ ਸਬੰਧੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਫੜਨਵੀਸ ਨੇ ਦੱਸਿਆ ਕਿ ਬਚਪਨ 'ਚ ਜਦੋਂ ਉਹ ਇਥੇ ਆਪਣੇ ਚਾਚਾ ਜੀ ਦੇ ਘਰ ਛੁੱਟੀਆਂ ਬਿਤਾਉਣ ਆਉਂਦੇ ਸਨ ਤਾਂ ਹਰ ਰੋਜ਼ ਗੁਰੂ ਘਰ ਮੱਥਾ ਟੇਕਣ ਆਉਂਦੇ ਸਨ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੇ ਨੇੜੇ ਸ਼ਰਾਬ ਤੇ ਹੋਰ ਨਸ਼ਿਆਂ ਦੀ ਵਿਕਰੀ ਨਹੀਂ ਹੋਣੀ ਚਾਹੀਦੀ, ਉਨ੍ਹਾਂ ਪ੍ਰਸ਼ਾਸਨ ਨੂੰ ਉਸ ਜ਼ਮੀਨ ਦਾ ਵਿਸਥਾਰ ਨਾਲ ਵੇਰਵਾ ਦੇਣ ਲਈ ਕਿਹਾ, ਜੋ ਪ੍ਰਸ਼ਾਸਨ ਨੇ ਰਾਖਵੀਂ ਕੀਤੀ ਹੋਈ ਹੈ। ਇਸ ਮੌਕੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਤਖਤ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਤੇ ਪੰਜ ਪਿਆਰਿਆਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੀਤ ਜਥੇਦਾਰ ਜੋਤਇੰਦਰ ਸਿੰਘ, ਹੈੱਡ ਗ੍ਰੰਥੀ ਗਿਆਨੀ ਕਸ਼ਮੀਰ ਸਿੰਘ, ਧੂਪੀਆ ਭਾਈ ਰਾਮ ਸਿੰਘ, ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਵਾਲੇ, ਡੀ. ਪੀ. ਸਿੰਘ ਚਾਵਲਾ (ਓ. ਐੱਸ. ਡੀ.), ਥਾਨ ਸਿੰਘ ਬੁੰਗਈ (ਸੁਪਰਡੈਂਟ), ਭੁਪਿੰਦਰ ਸਿੰਘ ਮਿਨਹਾਸ, ਭਾਗਿੰਦਰ ਸਿੰਘ ਘੜੀਸਾਜ, ਅਮਰੀਕ ਸਿੰਘ ਵਾਸਰੀਕਰ, ਰਾਜਿੰਦਰ ਸਿੰਘ ਪੁਜਾਰੀ, ਸੁਰਜੀਤ ਸਿੰਘ ਗਿੱਲ, ਸ਼ੇਰ ਸਿੰਘ ਫੌਜੀ, ਗੁਰਮੀਤ ਸਿੰਘ ਮਹਾਜਨ, ਦਲਜੀਤ ਸਿੰਘ ਹੈਦਰਾਬਾਦ, ਗੁਰਦੀਪ ਸਿੰਘ ਭਾਟੀਆ, ਗੁਰਿੰਦਰ ਸਿੰਘ ਬਾਵਾ, ਇਕਬਾਲ ਸਿੰਘ ਸਬਲੋਕ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਚਹਿਲ, ਰਣਜੀਤ ਸਿੰਘ (ਸਾਰੇ ਪ੍ਰਬੰਧਕੀ ਬੋਰਡ ਮੈਂਬਰ), ਸੁਖਵਿੰਦਰ ਸਿੰਘ ਹੁੰਦਲ, ਰਾਜਨੀਤ ਸਿੰਘ ਜੋਨੀ, ਬਾਬਾ ਬਚਿੱਤਰ ਸਿੰਘ ਆਦਿ ਹਾਜ਼ਰ ਸਨ।
