ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ ''ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

07/22/2021 12:56:33 PM

ਜਲੰਧਰ (ਵਰੁਣ)- ਲੁੱਟ ਦੀ ਨੀਅਤ ਨਾਲ ਸਚਿਨ ਜੈਨ ਦੇ ਹੋਏ ਕਤਲ ਮਾਮਲੇ ਵਿਚ ਪੁਲਸ ਨੇ ਦੀਪਕ ਨਾਮਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਤੀਜੇ ਮੁਲਜ਼ਮ ਦੀ ਪਛਾਣ ਹੋ ਗਈ ਹੈ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਸੋਢਲ ਮੰਦਰ ਦੇ ਨੇੜੇ ਜੈਨ ਕਰਿਆਨਾ ਸਟੋਰ ਖੁੱਲ੍ਹਾ ਵੇਖਿਆ ਅਤੇ ਲੁੱਟਣ ਦੀ ਯੋਜਨਾ ਬਣਾ ਲਈ। ਦੀਪਕ ਨੇ ਕਬੂਲ ਕੀਤਾ ਕਿ ਜੇਕਰ ਕਰਿਆਨਾ ਸਟੋਰ ਤੋਂ ਪਹਿਲਾਂ ਕੋਈ ਦੁਕਾਨ ਖੁੱਲ੍ਹੀ ਹੁੰਦੀ ਤਾਂ ਉਹ ਉਨ੍ਹਾਂ ਦੇ ਨਿਸ਼ਾਨੇ ’ਤੇ ਹੁੰਦੀ। ਆਦਮਪੁਰ ਦੇ ਹਰੀਪੁਰ ਇਲਾਕੇ ਵਿਚ ਰਹਿਣ ਵਾਲੇ ਦੀਪਕ ਨੇ ਇਹ ਗੱਲ ਕਬੂਲੀ ਹੈ ਕਿ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੀ ਇਕੱਠੇ ਹੋਏ ਸਨ। ਉਸ ਨੇ ਕਿਹਾ ਕਿ ਉਹ ਸਿਰਫ਼ 3 ਨਹੀਂ ਸਗੋਂ 4 ਤੋਂ ਵੀ ਜ਼ਿਆਦਾ ਸਨ। ਦੀਪਕ ਤੋਂ ਪੁੱਛਗਿੱਛ ਦੌਰਾਨ 1 ਹੋਰ ਲੁਟੇਰੇ ਦੀ ਪਛਾਣ ਹੋ ਗਈ ਹੈ। ਉਸ ਦਾ ਨਾਂ ਸਾਹਿਲ ਪੁੱਤਰ ਜਨਕ ਰਾਜ ਨਿਵਾਸੀ ਰਾਜਨਗਰ ਹੈ। ਦੱਸਿਆ ਜਾ ਰਿਹਾ ਹੈ ਕਿ ਬਾਕੀ ਦੇ ਲੁਟੇਰਿਆਂ ਦੇ ਨਾਂ ਦੀਪਕ ਨੂੰ ਨਹੀਂ ਪਤਾ ਪਰ ਵਾਰਦਾਤ ਵਿਚ ਉਹ ਸ਼ਾਮਲ ਸਨ।

ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਟਰੇਸ ਕਰਨ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ 8 ਟੀਮਾਂ ਦਾ ਗਠਨ ਕੀਤਾ ਹੋਇਆ ਹੈ। ਅਰਸ਼ਦੀਪ ਉਰਫ਼ ਵੱਡਾ ਪ੍ਰੀਤ ਨਿਵਾਸੀ ਤੱਲ੍ਹਣ ਵਿਚ ਰੇਡ ਕੀਤੀ ਜਾ ਰਹੀ ਹੈ, ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸੀ. ਆਈ. ਏ. ਸਟਾਫ਼-1 ਦੀ ਟੀਮ ਨੇ ਸਾਹਿਲ ਦੇ ਰਾਜ ਨਗਰ ਸਥਿਤ ਘਰ ਵਿਚ ਵੀ ਰੇਡ ਕੀਤੀ ਪਰ ਉਹ ਉਥੋਂ ਫਰਾਰ ਹੋ ਗਿਆ। ਪੁਲਸ ਨੇ ਸਾਹਿਲ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਬਣਾਇਆ ਹੋਇਆ ਹੈ। ਸਾਹਿਲ ਦੀ ਬੈਕਗਰਾਊਂਡ ਵੀ ਅਪਰਾਧਿਕ ਹੀ ਹੈ। ਪੁਲਸ ਦਾ ਕਹਿਣਾ ਹੈ ਕਿ ਗੋਲੀ ਕਿਸ ਨੇ ਚਲਾਈ, ਅਜੇ ਤਕ ਇਸ ਬਾਰੇ ਦੀਪਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਜਦੋਂ ਸੋਮਵਾਰ ਦੀ ਰਾਤ 9 ਵਜੇ ਸੋਢਲ ਮੰਦਰ ਨਜ਼ਦੀਕ ਜੈਨ ਕਰਿਆਨਾ ਸਟੋਰ ਦਾ ਮਾਲਕ ਸਚਿਨ ਜੈਨ ਦੁਕਾਨ ’ਤੇ ਬੈਠਾ ਹੋਇਆ ਸੀ ਤਾਂ ਦੁਕਾਨ ਵਿਚ ਲੁਟੇਰੇ ਦਾਖ਼ਲ ਹੋ ਗਏ। 

ਇਹ ਵੀ ਪੜ੍ਹੋ: ਭਲਕੇ ਸਜੇਗਾ ਨਵਜੋਤ ਸਿੱਧੂ ਦੇ ਸਿਰ 'ਤੇ ਪ੍ਰਧਾਨਗੀ ਦਾ ਤਾਜ, ਕੈਪਟਨ ਦੇ ਆਉਣ ਜਾਂ ਨਾ ਆਉਣ ਦੀ ਦੁਚਿੱਤੀ ਬਰਕਰਾਰ

PunjabKesari

ਲੁਟੇਰਿਆਂ ਨੇ ਸਚਿਨ ਨੂੰ ਕੈਸ਼ ਕੱਢਣ ਲਈ ਕਿਹਾ ਤਾਂ ਉਹ ਲੁਟੇਰਿਆਂ ਨਾਲ ਭਿੜ ਗਿਆ। ਅਜਿਹੇ ਵਿਚ ਇਕ ਲੁਟੇਰੇ ਨੇ ਗੋਲੀ ਚਲਾ ਦਿੱਤੀ ਅਤੇ ਸਚਿਨ ਦੇ ਪੇਟ ਵਿਚ ਲੱਗੀ। ਲੁਟੇਰਿਆਂ ਦੇ ਭੱਜਣ ਤੋਂ ਬਾਅਦ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਸਚਿਨ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ 5 ਹਸਪਤਾਲ ਘੁੰਮਣ ’ਤੇ ਵੀ ਉਸ ਨੂੰ ਕਿਸੇ ਨੇ ਵੀ ਦਾਖ਼ਲ ਨਾ ਕੀਤਾ। ਆਖ਼ਰ ਪਟੇਲ ਹਸਪਤਾਲ ਵਿਚ ਸਚਿਨ ਨੂੰ ਦਾਖ਼ਲ ਕਰ ਲਿਆ ਗਿਆ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ। ਮੰਗਲਵਾਰ ਸਵੇਰੇ ਸਚਿਨ ਜੈਨ ਨੇ ਦਮ ਤੋੜ ਦਿੱਤਾ। ਅਗਲੀ ਹੀ ਸਵੇਰ ਪੁਲਸ ਨੇ ਸਚਿਨ ਨੂੰ ਗੋਲੀ ਮਾਰਨ ਵਾਲੇ 2 ਲੁਟੇਰਿਆਂ ਦੀ ਪਛਾਣ ਹੋਣ ਦਾ ਦਾਅਵਾ ਕਰ ਦਿੱਤਾ ਸੀ। ਲੋਕਾਂ ਵਿਚ ਸਚਿਨ ਦੀ ਮੌਤ ਨੂੰ ਲੈ ਕੇ ਕਾਨੂੰਨ ਵਿਵਸਥਾ ਅਤੇ ਨਿਜੀ ਹਸਪਤਾਲਾਂ ਵਾਲਿਆਂ ਦੇ ਰਵੱਈਏ ਪ੍ਰਤੀ ਕਾਫੀ ਗੁੱਸਾ ਹੈ।

PunjabKesari

ਨਿੱਜੀ ਹਸਪਤਾਲਾਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਕਪੂਰਥਲਾ ਚੌਕ ’ਚ 3 ਘੰਟੇ ਲਾਇਆ ਧਰਨਾ
ਜੈਨ ਸਭਾ, ਜੈਨ ਨਵਯੁੱਗ ਸੰਘ, ਜੈਨ ਯੁਵਕ ਮੰਡਲ ਸਮੇਤ ਸਚਿਨ ਜੈਨ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਕੈਂਡਲ ਮਾਰਚ ਕੱਢਣ ਤੋਂ ਬਾਅਦ ਕਪੂਰਥਲਾ ਚੌਕ ’ਤੇ ਧਰਨਾ ਲਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਚਿਨ ਦੀ ਮੌਤ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਦੀ ਗਲਤੀ ਨਾਲ ਹੋਈ, ਉਨ੍ਹਾਂ ਨੇ ਸਚਿਨ ਦਾ ਇਲਾਜ ਤੱਕ ਸ਼ੁਰੂ ਨਹੀਂ ਕੀਤਾ। ਧਰਨਾ ਲਾਉਣ ਤੋਂ ਬਾਅਦ ਏ. ਸੀ. ਪੀ. ਸੈਂਟਰਲ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਏ. ਸੀ. ਪੀ. ਦੀ ਵੀ ਨਹੀਂ ਸੁਣੀ ਤੇ ਪੁਲਸ ਕਮਿਸ਼ਨਰ ਨੂੰ ਮੌਕੇ ’ਤੇ ਬੁਲਾਉਣ ਲਈ ਅੜ ਗਏ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਜਿਨ੍ਹਾਂ-ਜਿਨ੍ਹਾਂ ਨਿੱਜੀ ਹਸਪਤਾਲਾਂ ਵਾਲਿਆਂ ਨੇ ਸਚਿਨ ਨੂੰ ਦਾਖ਼ਲ ਕਰ ਕੇ ਉਸ ਦਾ ਇਲਾਜ ਸ਼ੁਰੂ ਨਹੀਂ ਕੀਤਾ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਕੀ ਕਿਸਾਨ ਸੰਘਰਸ਼ ਨੂੰ ਢਾਹ ਲਾ ਰਿਹਾ ਹੈ, ਸਮੁੱਚੀਆਂ ਰਾਜਸੀ ਧਿਰਾਂ ਦਾ ਵਿਰੋਧ?

ਡੀ. ਸੀ. ਪੀ. ਡੋਗਰਾ ਨੇ ਫਿਕਸ ਕਰਵਾਈ ਮੀਟਿੰਗ, ਫਿਰ ਚੁੱਕਿਆ ਧਰਨਾ
ਕਪੂਰਥਲਾ ਚੌਂਕ ’ਤੇ ਲੱਗੇ ਧਰਨੇ ਤੋਂ ਬਾਅਦ ਡੀ. ਸੀ. ਪੀ. ਸਕਿਓਰਿਟੀ ਅਤੇ ਟ੍ਰੈਫਿਕ ਨਰੇਸ਼ ਡੋਗਰਾ ਮੌਕੇ ’ਤੇ ਪਹੁੰਚੇ, ਉਨ੍ਹਾਂ ਨੇ ਪੀੜਤ ਪੱਖ ਨੂੰ ਕਾਫ਼ੀ ਸਮਝਾਇਆ ਪਰ ਉਹ ਸੀ. ਪੀ. ਨੂੰ ਮੌਕੇ ’ਤੇ ਬੁਲਾਉਣ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਸ਼ਰਤ ’ਤੇ ਅੜੇ ਹੋਏ ਸਨ। ਅਜਿਹੇ ਵਿਚ ਏ. ਸੀ. ਪੀ. ਨਰੇਸ਼ ਡੋਗਰਾ ਨੇ ਪੀੜਤ ਪੱਖ ਨੂੰ ਭਰੋਸੇ ਵਿਚ ਲੈਂਦੇ ਹੋਏ ਉਨ੍ਹਾਂ ਦੀ ਡੀ. ਸੀ. ਘਨਸ਼ਾਮ ਥੋਰੀ ਨਾਲ ਫੋਨ ’ਤੇ ਗੱਲ ਕਰਵਾਈ। ਜੈਨ ਭਾਈਚਾਰੇ ਦੇ ਲੋਕ ਵੀਰਵਾਰ ਨੂੰ ਡੀ. ਸੀ. ਨਾਲ ਮੀਟਿੰਗ ਕਰਨਗੇ ਅਤੇ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਡੀ. ਸੀ. ਪੀ. ਡੋਗਰਾ ਨੇ ਧਰਨੇ ਵਿਚ ਮੌਜੂਦ ਕੁਝ ਸ਼ੱਕੀ ਲੋਕਾਂ ਨੂੰ ਵੀ ਖਦੇੜਿਆ ਜਦਕਿ ਧਰਨਾ ਖ਼ਤਮ ਹੋਣ ਤੋਂ ਬਾਅਦ ਲੱਗੇ ਜਾਮ ਨੂੰ ਖੁੱਲ੍ਹਵਾਇਆ ਗਿਆ।

ਇਹ ਵੀ ਪੜ੍ਹੋ:  ਭਤੀਜੀ ਦੇ NRI ਪਤੀ ਤੋਂ ਦੁਖ਼ੀ ਚਾਚੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ ਵੱਡਾ ਖ਼ੁਲਾਸਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News