ਸਚਿਨ ਗੋਲ਼ੀਕਾਂਡ ਮਾਮਲਾ: ਪਾਕਿਸਤਾਨ ਭੱਜੇ ਗੈਂਗਸਟਰ ਰਿੰਦਾ ਦਾ ਨਜ਼ਦੀਕੀ ਸਾਥੀ ਅਜੇਪਾਲ ਨਿਹੰਗ ਗ੍ਰਿਫ਼ਤਾਰ

03/18/2022 1:51:52 PM

ਜਲੰਧਰ (ਜ. ਬ., ਸ਼ੋਰੀ)–ਬਸਤੀ ਸ਼ੇਖ ਵਿਚ ਸਚਿਨ ਕਤਿਆਲ ’ਤੇ ਰੰਜਿਸ਼ ਕਾਰਨ ਗੋਲ਼ੀਆਂ ਚਲਾਉਣ ਵਾਲੇ ਗੁੰਡੇ ਅਜੇਪਾਲ ਸਿੰਘ ਉਰਫ਼ ਨਿਹੰਗ ਨੂੰ ਸੀ. ਆਈ. ਏ. ਸਟਾਫ਼-1 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਜੇਪਾਲ ਨਿਹੰਗ ਪਾਕਿਸਤਾਨ ਭੱਜੇ ਰਿੰਦਾ ਦਾ ਨਜ਼ਦੀਕੀ ਹੈ। ਰਿੰਦਾ ਇਸ ਸਮੇਂ ਪਾਕਿਸਤਾਨ ਵਿਚ ਪਨਾਹ ਲਈ ਬੈਠੇ ਅੱਤਵਾਦੀਆਂ ਦੇ ਨਾਲ ਹੈ। ਸ਼ੁੱਕਰਵਾਰ ਨੂੰ ਪੁਲਸ ਮੁਲਜ਼ਮ ਅਜੇਪਾਲ ਨਿਹੰਗ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਉਸ ਕੋਲੋਂ ਰਿੰਦਾ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਿਸੰਘ ਤੇਜਾ ਨੇ ਦੱਸਿਆ ਕਿ 15 ਮਾਰਚ ਨੂੰ ਵਾਪਰੇ ਸਚਿਨ ਗੋਲ਼ੀਕਾਂਡ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਅਜੇਪਾਲ ਿਸੰਘ ਉਰਫ਼ ਨਿਹੰਗ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਉੱਤਮ ਨਗਰ ਬਸਤੀ ਸ਼ੇਖ ਅਤੇ ਉਸ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ। ਅਜੇਪਾਲ ਉਰਫ਼ ਨਿਹੰਗ ਨੂੰ ਕਾਬੂ ਕਰਨ ਲਈ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਭਗਵੰਤ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਟੀਮ ਨੂੰ ਮਨੁੱਖੀ ਵਸੀਲਿਆਂ ਤੋਂ ਅਜੇਪਾਲ ਬਾਰੇ ਕੁਝ ਸੁਰਾਗ ਮਿਲੇ। ਚੌਕਸੀ ਨਾਲ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਟਰੈਪ ਲਾ ਕੇ ਬੁੱਧਵਾਰ ਦੇਰ ਰਾਤ ਅਜੇਪਾਲ ਉਰਫ਼ ਨਿਹੰਗ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਨਿਹੰਗ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਪੁਲਸ ਦੇ ਟਰੈਪ ਵਿਚ ਫਸ ਗਿਆ। ਪੁਲਸ ਨੇ ਮੁਲਜ਼ਮ ਕੋਲੋਂ 32 ਬੋਰ ਦਾ ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ। ਅਜੇਪਾਲ ਖ਼ਿਲਾਫ਼ ਪਟਿਆਲਾ, ਆਦਮਪੁਰ, ਥਾਣਾ ਨੰਬਰ 5 ਅਤੇ ਥਾਣਾ ਨੰਬਰ 2 ਵਿਚ ਲਗਭਗ 5 ਅਪਰਾਧਿਕ ਕੇਸ ਦਰਜ ਹਨ। ਪਟਿਆਲਾ ਵਿਚ ਉਸ ਨੇ ਡਬਲ ਮਰਡਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਾਂਚ ਵਿਚ ਇਹ ਵੀ ਗੱਲ ਸਾਹਮਣੇ ਆਈ ਕਿ ਮੁਲਜ਼ਮ ਅਜੇਪਾਲ ਉਰਫ ਨਿਹੰਗ ਪਾਕਿਸਤਾਨ ਭੱਜੇ ਗੈਂਗਸਟਰ ਰਿੰਦਾ ਦਾ ਨਜ਼ਦੀਕੀ ਹੈ। ਰਿੰਦਾ ਪੁਲਸ ਨੂੰ ਚਕਮਾ ਦੇ ਕੇ ਪਾਕਿਸਤਾਨ ਫ਼ਰਾਰ ਹੋ ਗਿਆ ਸੀ। ਪੁਲਸ ਨੂੰ ਸ਼ੱਕ ਹੈ ਕਿ ਅਜੇ ਵੀ ਨਿਹੰਗ ਦੀ ਰਿੰਦਾ ਨਾਲ ਗੱਲ ਹੁੰਦੀ ਹੈ। ਨਿਹੰਗ ਨੇ 2013 ਵਿਚ ਰਿੰਦਾ ਨਾਲ ਮਿਲ ਕੇ ਪਟਿਆਲਾ ਵਿਚ ਕਾਰ ਵੀ ਲੁੱਟੀ ਸੀ। ਪੁਲਸ ਸ਼ੁੱਕਰਵਾਰ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਵੇਗੀ। ਪੁਲਸ ਨੇ ਇਸ ਮਾਮਲੇ ਵਿਚ ਨਿਹੰਗ ਤੋਂ ਇਲਾਵਾ ਰੂਪ ਲਾਲ ਨਿਵਾਸੀ ਕੋਟ ਸਦੀਕ ਅਤੇ 2-3 ਅਣਪਛਾਤੇ ਸਾਥੀਆਂ ’ਤੇ ਵੀ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ:  ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ, CM ਭਗਵੰਤ ਮਾਨ ਨੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਕਰੋੜਾਂ ਦਾ ਮੁਆਵਜ਼ਾ ਕੀਤਾ ਜਾਰੀ

ਜੇਲ੍ਹ ’ਚੋਂ ਆਉਣ ਤੋਂ ਬਾਅਦ ਟਿਕਾਣੇ ਬਦਲ-ਬਦਲ ਕੇ ਰਹਿ ਰਿਹਾ ਸੀ ਮੁਲਜ਼ਮ
15 ਮਾਰਚ ਨੂੰ ਦੁਪਹਿਰ ਬਾਅਦ ਲਗਭਗ ਸਵਾ 4 ਵਜੇ ਪੇਮੈਂਟ ਲੈਣ ਬਸਤੀ ਸ਼ੇਖ ਰਹਿੰਦੇ ਆਪਣੇ ਦੋਸਤ ਮਾਂਟੂ ਦੇ ਘਰ ਆਏ ਸਚਿਨ ’ਤੇ ਅਜੇਪਾਲ ਨੇ ਗਾਲੀ-ਗਲੋਚ ਤੋਂ ਬਾਅਦ ਹਮਲਾ ਕਰ ਿਦੱਤਾ ਸੀ, ਹਾਲਾਂਕਿ ਭੀੜ ਇਕੱਠੀ ਹੋਣ ’ਤੇ ਅਜੇਪਾਲ ਸਚਿਨ ਦੀ ਸੋਨੇ ਦੀ ਚੇਨ ਅਤੇ ਲਾਕੇਟ ਖੋਹ ਕੇ ਫ਼ਰਾਰ ਹੋ ਗਿਆ ਸੀ। ਮੌਕੇ ’ਤੇ ਸਚਿਨ ਦੇ ਦੋਸਤ ਪੰਕਜ, ਕਾਕਾ ਅਤੇ ਗੌਰਵ ਵੀ ਪਹੁੰਚ ਗਏ ਸਨ। ਉਹ ਅਜੇ ਉਨ੍ਹਾਂ ਨੂੰ ਘਟਨਾ ਬਾਰੇ ਜਾਣਕਾਰੀ ਦੇ ਹੀ ਰਿਹਾ ਸੀ ਕਿ ਇੰਨੇ ਵਿਚ ਅਜੇਪਾਲ ਨਿਹੰਗ ਆਪਣੇ ਸਾਥੀ ਰੂਪ ਲਾਲ ਅਤੇ 2 ਅਣਪਛਾਤੇ ਨੌਜਵਾਨਾਂ ਨਾਲ ਆਇਆ ਅਤੇ ਸਚਿਨ ’ਤੇ ਗੋਲ਼ੀਆਂ ਚਲਾ ਦਿੱਤੀਆਂ। ਚੰਗੀ ਕਿਸਮਤ ਨੂੰ ਇਸ ਹਮਲੇ ਵਿਚ ਕਈ ਜ਼ਖ਼ਮੀ ਨਹੀਂ ਹੋਇਆ। ਅਜੇਪਾਲ ਅਪਰਾਧਿਕ ਕੇਸ ਵਿਚ ਜੇਲ ਵੀ ਹੋ ਆਇਆ ਸੀ। ਉਸ ਦੀ ਸਚਿਨ ਨਾਲ ਪੁਰਾਣੀ ਰੰਜਿਸ਼ ਸੀ ਅਤੇ ਜੇਲ੍ਹ ਵਿਚੋਂ ਬਾਹਰ ਆਉਣ ਤੋਂ ਬਾਅਦ ਉਹ ਟਿਕਾਣੇ ਬਦਲ-ਬਦਲ ਕੇ ਰਹਿ ਰਿਹਾ ਸੀ। ਪੁਲਸ ਇਸ ਗੱਲ ਦਾ ਵੀ ਪਤਾ ਲਾ ਰਹੀ ਹੈ ਕਿ ਉਸਨੇ ਹਥਿਆਰ ਕਿਥੋਂ ਲਿਆ।

ਇਹ ਵੀ ਪੜ੍ਹੋ: ਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸੱਬਾ ਦੇ ਫਾਰਮ ਹਾਊਸ ’ਤੇ ਅੰਨ੍ਹੇਵਾਹ ਚੱਲੀਆਂ ਗੋਲ਼ੀਆਂ

ਕੌਣ ਹੈ ਹਰਵਿੰਦਰ ਉਰਫ਼ ਰਿੰਦਾ ਸੰਧੂ
ਹਰਵਿੰਦਰ ਉਰਫ਼ ਰਿੰਦਾ ਸੰਧੂ ਰੋਪੜ ਦਾ ਰਹਿਣ ਵਾਲਾ ਹੈ। 2008 ਵਿਚ ਉਹ ਇਕ ਨੌਜਵਾਨ ਦੀ ਹੱਤਿਆ ਤੋਂ ਬਾਅਦ ਸੁਰਖੀਆਂ ’ਚ ਆਇਆ ਸੀ। ਉਸ ਦੇ ਬਾਅਦ ਤੋਂ ਉਹ ਜੁਰਮ ਦੀ ਦੁਨੀਆ ਵਿਚ ਮਸ਼ਹੂਰ ਹੋ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਵਿਚ ਰੱਖਿਆ ਗਿਆ ਸੀ। 2014 ਵਿਚ ਉਹ ਜ਼ਮਾਨਤ ’ਤੇ ਆਇਆ ਅਤੇ ਫਿਰ ਭੇਸ ਬਦਲ ਕੇ ਵੱਖ-ਵੱਖ ਟਿਕਾਣਿਆਂ ’ਤੇ ਲੁਕਦਾ ਰਿਹਾ। ਰਿੰਦਾ ਨੇ ਰੁਪਿੰਦਰ ਗਾਂਧੀ ਦੇ ਭਰਾ ਦੀ ਹੱਤਿਆ ਦੀ ਜ਼ਿੰਮੇਵਾਰੀ ਵੀ ਫੇਸਬੁੱਕ ’ਤੇ ਲਈ ਸੀ। ਪੁਲਸ ਦੇ ਟਰੈਪ ਦੌਰਾਨ ਹੋਟਲ ਵਿਚੋਂ ਭੱਜਦੇ ਹੋਏ ਅਤੇ ਮਹਾਰਾਸ਼ਟਰ ’ਚ ਇਕ ਸਕੂਲ ਦੇ ਬਾਹਰ ਫਾਇਰਿੰਗ ਕਰਨ ਦੀ ਉਸ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਉਸੇ ਨੇ ਦਿਲਪ੍ਰੀਤ ਨੂੰ ਦਿਲਪ੍ਰੀਤ ਬਾਬਾ ਦਾ ਨਾਂ ਦੇ ਕੇ ਗੈਂਗਸਟਰ ਬਣਾਇਆ। ਰਿੰਦਾ ਖ਼ਿਲਾਫ਼ ਪੰਜਾਬ ਹੀ ਨਹੀਂ, ਸਗੋਂ ਵੈਸਟ ਬੰਗਾਲ, ਮਹਾਰਾਸ਼ਟਰ, ਚੰਡੀਗੜ੍ਹ ਅਤੇ ਹੋਰ ਸੂਬਿਆਂ ’ਚ ਵੀ ਅਪਰਾਧਿਕ ਕੇਸ ਦਰਜ ਹਨ। ਲੁਧਿਆਣਾ ਦੀ ਅਦਾਲਤ ਅੰਦਰ ਹੋਏ ਧਮਾਕੇ ਵਿਚ ਵੀ ਰਿੰਦਾ ਦਾ ਹੀ ਨਾਂ ਸਾਹਮਣੇ ਆਇਆ ਸੀ। ਲਗਭਗ ਡੇਢ ਸਾਲ ਪਹਿਲਾਂ ਰਿੰਦਾ ਦੇ ਪਾਕਿਸਤਾਨ ਭੱਜਣ ਦੀ ਖਬਰ ਨੇ ਪੰਜਾਬ ਪੁਲਸ ਨੂੰ ਹੈਰਾਨ ਕਰ ਦਿੱਤਾ। ਹੁਣ ਉਹ ਅੱਤਵਾਦੀਆਂ ਦੇ ਸੰਪਰਕ ਵਿਚ ਹੈ, ਜਿਸ ਕਾਰਨ ਰਿੰਦਾ ਨੂੰ ਅੱਤਵਾਦੀ ਦਾ ਨਾਂ ਵੀ ਦਿੱਤਾ ਜਾਣ ਲੱਗਾ।

ਇਹ ਵੀ ਪੜ੍ਹੋ: CM ਭਗਵੰਤ ਮਾਨ ਬੋਲੇ, 'ਪੰਜਾਬ ਨੂੰ ਲੰਡਨ-ਪੈਰਿਸ ਨਹੀਂ ਸਗੋਂ ਅਸਲੀ ਪੰਜਾਬ ਬਣਾਉਣਾ ਹੈ'

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News