ਰਿਸ਼ਵਤ ਲੈਣ ਦੇ ਦੋਸ਼ ''ਚ ਬਾਗਬਾਨੀ ਵਿਭਾਗ ਦਾ ਐੱਸ. ਡੀ. ਓ. ਤੇ 2 ਹੋਰ ਦੋਸ਼ੀ ਕਰਾਰ
Wednesday, Jan 18, 2023 - 03:26 AM (IST)
ਚੰਡੀਗੜ੍ਹ (ਸੁਸ਼ੀਲ ਰਾਜ) : ਸੀ. ਬੀ. ਆਈ. ਅਦਾਲਤ ਨੇ ਬਾਗਬਾਨੀ ਵਿਭਾਗ ਦੇ ਐੱਸ. ਡੀ. ਓ. ਨਵਰਾਜ ਸਿੰਘ ਢਿੱਲੋਂ ਅਤੇ ਕੰਪਿਊਟਰ ਆਪ੍ਰੇਟਰ ਦਾਮਰ ਬਹਾਦਰ ਨੂੰ 5,000 ਰੁਪਏ ਰਿਸ਼ਵਤ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਇਸੇ ਕੇਸ ਵਿਚ ਮੁਲਜ਼ਮ ਕਲਰਕ ਅਸ਼ਵਨੀ ਕੁਮਾਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਸੀ. ਬੀ. ਆਈ. ਅਦਾਲਤ 19 ਜਨਵਰੀ ਨੂੰ ਐੱਸ. ਡੀ. ਓ. ਨਵਰਾਜ ਸਿੰਘ ਢਿੱਲੋਂ ਅਤੇ ਕੰਪਿਊਟਰ ਆਪ੍ਰੇਟਰ ਦਾਮਰ ਬਹਾਦਰ ਨੂੰ ਸਜ਼ਾ ਸੁਣਾਏਗੀ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਹੋਮਗਾਰਡ ਦੇ ਜਵਾਨ ਦੀ ਡਿਊਟੀ ਦੌਰਾਨ ਮੌਤ
ਹਿਸਾਰ ਦੇ ਲੇਬਰ ਠੇਕੇਦਾਰ ਸੀਆ ਰਾਮ ਨੇ ਸੀ. ਬੀ. ਆਈ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਇਕ ਲੱਖ 75 ਹਜ਼ਾਰ ਰੁਪਏ ਦਾ ਬਿੱਲ ਪਾਸ ਕਰਵਾਉਣਾ ਸੀ। 90,000 ਰੁਪਏ ਦੇ ਬਿੱਲ ਪਾਸ ਹੋ ਗਏ ਪਰ ਐੱਸ. ਡੀ. ਓ. ਨਵਰਾਜ ਸਿੰਘ ਢਿੱਲੋਂ, ਕੰਪਿਊਟਰ ਅਪ੍ਰੇਟਰ ਦਮਰ ਬਹਾਦਰ ਅਤੇ ਕਲਰਕ ਅਸ਼ਵਨੀ ਕੁਮਾਰ ਬਾਕੀ ਬਿੱਲ ਪਾਸ ਕਰਵਾਉਣ ਦੇ ਨਾਂ ’ਤੇ 5 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ। ਸੀ. ਬੀ. ਆਈ. ਨੇ ਜਾਲ ਵਿਛਾ ਕੇ ਉਪਰੋਕਤ ਤਿੰਨਾਂ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਸੀ. ਬੀ. ਆਈ. ਨੇ ਠੇਕੇਦਾਰ ਸੀਆ ਰਾਮ ਦੀ ਸ਼ਿਕਾਇਤ ’ਤੇ ਉਪਰੋਕਤ ਤਿੰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।