ਐੱਸ. ਡੀ. ਐੱਮ. ਨੇ ਸ਼ਹਿਰ ''ਚੋਂ ਨਾਜਾਇਜ਼ ਕਬਜ਼ੇ ਤੇ ਹੋਰਡਿੰਗ ਹਟਵਾਏ

10/25/2017 3:58:06 AM

ਕਪੂਰਥਲਾ, (ਮਲਹੋਤਰਾ)- ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਤਈਅਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ ਨੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ਼੍ਰੀ ਕੁਲਭੂਸ਼ਨ ਗੋਇਲ ਅਤੇ ਡੀ. ਐੱਸ. ਪੀ. ਟ੍ਰੈਫਿਕ ਸੰਦੀਪ ਸਿੰਘ ਮੰਡ ਨਾਲ ਸ਼ਹਿਰ ਦਾ ਦੌਰਾ ਕਰਕੇ ਨਾਜਾਇਜ਼ ਕਬਜ਼ੇ ਤੇ ਅਣਅਧਿਕਾਰਤ ਹੋਰਡਿੰਗਜ਼ ਅਤੇ ਬੈਨਰ ਹਟਵਾਏ। ਇਸ ਦੌਰਾਨ ਉਨ੍ਹਾਂ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਵੀ ਜਾਇਜ਼ਾ ਲਿਆ ਅਤੇ ਮੌਕੇ 'ਤੇ ਹਦਾਇਤਾਂ ਜਾਰੀ ਕੀਤੀਆਂ। 
ਉਨ੍ਹਾਂ ਕਾਰਜ ਸਾਧਕ ਅਫ਼ਸਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗਿਓਂ ਰੇਹੜੀਆਂ-ਫੜ੍ਹੀਆਂ ਹਟਾਉਣ ਦੇ ਨਾਲ-ਨਾਲ ਉਥੋਂ ਰੋਜ਼ਾਨਾ ਕੂੜਾ ਚੁਕਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਇਮਾਰਤਾਂ ਜਾਂ ਜਨਤਕ ਜਾਇਦਾਦਾਂ 'ਤੇ ਅਣਅਧਿਕਾਰਤ ਹੋਰਡਿੰਗਜ਼, ਪੋਸਟਰ ਜਾਂ ਬੈਨਰ ਲਗਾਉਣੇ ਜਾਂ ਕੰਧਾਂ 'ਤੇ ਲਿਖਣਾ ਕਾਨੂੰਨੀ ਅਪਰਾਧ ਹੈ। ਉਨ੍ਹਾਂ ਕਾਰਜਸਾਧਕ ਅਫ਼ਸਰ ਨੂੰ ਹਦਾਇਤ ਕੀਤੀ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 'ਪੰਜਾਬ ਪ੍ਰੀਵੈਨਸ਼ਨ ਆਫ ਡਿਫੇਸਮੈਂਟ ਆਫ ਪ੍ਰਾਪਰਟੀ ਐਕਟ' ਅਧੀਨ ਨੋਟਿਸ ਜਾਰੀ ਕੀਤੇ ਜਾਣ। ਇਸ ਦੇ ਨਾਲ ਹੀ ਡਾ. ਨਯਨ ਭੁੱਲਰ ਨੇ ਚਾਰ ਬੱਤੀ ਚੌਕ ਅਤੇ ਡੀ. ਸੀ. ਚੌਕ ਦੀਆਂ ਖ਼ਰਾਬ ਹੋਈਆਂ ਟ੍ਰੈਫਿਕ ਲਾਈਟਾਂ ਨੂੰ ਪਹਿਲ ਦੇ ਆਧਾਰ 'ਤੇ ਠੀਕ ਕਰਵਾਉੇਣ ਦੇ ਹੁਕਮ ਦਿੱਤੇ। ਇਸੇ ਤਰ੍ਹਾਂ ਉਨ੍ਹਾਂ ਮਾਲ ਰੋਡ 'ਤੇ ਪਾਰਕਿੰਗ ਲਈ ਯੈਲੋ ਲਾਈਨਾਂ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸੜਕ ਦੇ ਬਰਮਾਂ ਅਤੇ ਗਰੀਨ ਬੈਲਟ ਦੀ ਰੋਜ਼ਾਨਾ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਦੇ ਹੁਕਮਾਂ 'ਤੇ ਅੱਜ ਨਗਰ ਕੌਂਸਲ ਵੱਲੋਂ ਸੈਨਿਕ ਰੈਸਟ ਹਾਊਸ ਤੋਂ ਸਬਜ਼ੀ ਮੰਡੀ ਤੱਕ ਦੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਅਮਲ 'ਚ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਾਰੇ ਸ਼ਹਿਰ 'ਚੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ 'ਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸ਼੍ਰੀ ਕੁਲਭੂਸ਼ਨ ਗੋਇਲ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਹਿਰ 'ਚੋਂ ਕੂੜਾ ਚੁਕਵਾਉਣ ਦਾ ਠੇਕਾ ਦੇ ਦਿੱਤਾ ਗਿਆ ਹੈ ਅਤੇ ਹੁਣ ਇਸ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀ ਵੀ ਕੂੜੇ ਸਬੰਧੀ ਕਿਸੇ ਵੀ ਸਮੱਸਿਆ ਬਾਰੇ ਠੇਕੇਦਾਰ ਮਨਜੀਤ ਦੇ ਮੋਬਾਇਲ ਨੰਬਰ 98789-42955 'ਤੇ ਆਪਣੀ ਸ਼ਿਕਾਇਤ ਕਰ ਸਕਦੇ ਹਨ।


Related News